ਬੜੀ ਲੰਮੀ ਕਹਾਣੀ ਏ

ਜੋ ਅੱਖਾਂ ਨੀਂਵੀਆਂ ਨੇ ਸ਼ੀਸ਼ਿਆਂ

ਦੇ ਸਾਹਮਣੇ ਬਹਿ ਕੇ

ਤੇ ਕੰਧਾਂ ਨੂੰ ਸੁਨਾਂਣੀ ਏ,

ਬੜੀ ਲੰਮੀ ਕਹਾਣੀ

ਮੇਰਾ ਮਤਲਬ ਕਿ ਪਲਕਾਂ ਮੁੱਢ

ਜੰਮੀ ਲੂਣੀਆਂ ਬਰਫ਼ਾਂ ਦੀ

ਜਿਹੜੀ ਤਹਿ ਪੁਰਾਣੀ ਏ,

ਬੜੀ ਲੰਮੀ ਕਹਾਣੀ

ਗੁਲਾਮਾਂ ਦੇ ਗ਼ੁਲਾਮਾਂ ਦੀ ਗ਼ੁਲਾਮੀ

ਕਰਦਿਆਂ ਹੋਇਆਂ

ਵਫ਼ਾ ਦੀ ਰੀਤ ਚਲੀ ਸੀ,

ਜਵਾਨੀ ਬੀਤ ਚਲੀ ਸੀ

ਕਿਸੇ ਜੁਗਨੂੰ ਨੇ ਦੱਸਿਆ

ਹਨ੍ਹੇਰਾ ਨਾਲ ਨਈਂ ਜੰਮਿਆ,

ਤੇਰੇ ਪੁਰਖਾਂ ਦਾ ਹਾਣੀ ਏ,

ਬੜੀ ਲੰਮੀ ਕਹਾਣੀ

ਇਹ ਸ਼ਾਹੀਆਂ ਨੂੰ ਬਚਾਵਣ ਲਈ

ਜੋ ਸਾਵੇ, ਲਾਲ,

ਕਾਲੇ ਝੰਡਿਆਂ ਦੇ ਨਾਲ ਖਹਿੰਦੇ ਨੇ

ਤੇ ਸਾਨੂੰ ਯਾਰ ਕਹਿੰਦੇ ਨੇ,

ਅਸੀਂ ਇਹ ਸਮਝਦੇ ਕਿਉਂ ਨਈਂ

ਕਿ ਸਾਡੇ ਖੂਨ ਪਾਣੀ ਤੇ

ਇਹਨਾਂ ਦਾ ਤੇਲ ਪਾਣੀ ਏ,

ਮੈਂ ਅਕਸਰ ਸੋਚਦਾਂ ਰਹਿਨਾਂ

ਖ਼ੁਦਾ ਤਸਲੀਮ ਕੀਤਾ ਏ,

ਖ਼ੁਦਾ ਤਸਲੀਮ ਨਈਂ ਕਰਦਾ,

ਜਮ੍ਹਾਂ ਤਕਸੀਮ ਨਈਂ ਕਰਦਾ,

ਫਿਰ ਆਪੇ ਸੋਚ ਲੈਂਦਾ ਹਾਂ

ਖ਼ੁਦਾਵਾਂ ਦੇ ਖ਼ੁਦਾਵਾਂ ਤੋਂ

ਖ਼ੁਦਾ ਨੇ ਮਾਰ ਖਾਣੀ ਏ,

ਬੜੀ ਲੰਮੀ ਕਹਾਣੀ

ਕਦੀਂ ਤੂੰ ਸੋਚਿਆ ਕਿਉਂ ਨਈਂ

ਜੇ ਹੋਰਾਂ ਵਾਂਗ ਸਾਬਿਰ ਵੀ

ਤੇਰੇ ਕੁੰਨ ਕੁੰਨ ਤੇ ਕੰਨ ਧਰਦਾ

ਜਬਰ ਨੂੰ ਜ਼ੇਰ ਨਾ ਕਰਦਾ,

ਇਹ ਮੇਰਾ ਮੌਅਜ਼ਜਾ ਕਿ

ਤੇਰੇ ਆਦਮ ਤੋਂ ਪਹਿਲਾਂ ਦੀ

ਮੈਂ ਕੋਈ ਰਮਜ਼ ਜਾਣੀ ਏ,

ਬੜੀ ਲੰਮੀ ਕਹਾਣੀ ...

📝 ਸੋਧ ਲਈ ਭੇਜੋ