ਬੜੀਆਂ ਰੁੱਤਾਂ ਆਈਆਂ ਗਈਆਂ ਕੋਈ ਤੇ ਰੁੱਤ ਮਿਸ਼ਾਲੀ ਆਵੇ ।
ਪੀਲੇ ਫੁੱਸੇ ਦੁੱਖਾਂ ਮਾਰੇ ਚਿਹਰੇ ਉੱਤੇ ਲਾਲੀ ਆਵੇ ।
ਗ਼ਮ ਨੇ ਔੜਾਂ ਲਾਈਆਂ ਨੇ ਕੀ ਪਿਆਰ ਦੇ ਬੂਟੇ ਵੀ ਕੁਮਲਾਏ,
ਤੇਰੀ ਰਹਿਮਤ ਦੀ ਕੋਈ ਬਦਲੀ ਲੈ ਕੇ ਸ਼ਾਨ ਨਿਰਾਲੀ ਆਵੇ ।
ਕਲੀਆਂ ਵਰਗੇ ਬੁੱਲ੍ਹਾਂ ਉੱਤੇ ਰੰਗਲੇ ਹਾਸੇ ਪੈਲਾਂ ਪਾਵਣ,
ਬਾਗਾਂ ਦੇ ਵਿਚ ਫੁੱਲ ਖਿੜਣ ਤੇ ਖੇਤਾਂ ਵਿਚ ਹਰਿਆਲੀ ਆਵੇ ।
ਹਿਰਸਾਂ ਦੀ ਇਹ ਲਾਲ ਹਨੇਰੀ ਅੱਗ ਦਾ ਰੂਪ ਵਟਾਈ ਫਿਰਦੀ,
ਪਿਆਰ ਖ਼ਲੂਸ ਦੇ ਛੱਪਰ ਢਾਰੇ ਬਾਲਣ ਵਾਂਗੂੰ ਬਾਲੀ ਆਵੇ ।
ਇਹ ਵੀ ਦੌਰ ਸੁਖ਼ਨ ਦਾ ਸੰਵਰੇ ਇਹਦੇ ਵੀ ਰੰਗ ਗੂਹੜੇ ਹੋਵਣ,
ਆਵੇ ਵਾਰਿਸ, ਬਾਹੂ ਮੁੜ ਕੇ, ਫੇਰ ਇਕਬਾਲ ਤੇ ਹਾਲੀ ਆਵੇ ।
ਕੁਝ ਤੇ ਦੇਹ ਜਵਾਬ ਜ਼ਮਾਨੇ ਕੀ ਹੋਇਆ ਏ ਕੀ ਹੋਣਾ ਏ,
ਚਾਰ-ਚੁਫ਼ੇਰੇ ਮੈਨੂੰ ਨਜ਼ਰੀਂ ਹਰ ਇਕ ਸ਼ਕਲ ਸਵਾਲੀ ਆਵੇ ।
ਕੁੱਲੇ ਕੋਠੇ ਜਾਗਣ ਸਾਰੇ ਮਹਿਲ ਮੁਨਾਰੇ ਹੋਸ਼ ਕਰਨ ਤੇ,
ਫੇਰ ਅਸਾਡੇ ਘਰ ਵੀ 'ਸ਼ਾਕਿਰ' ਖ਼ੁਸ਼ੀਆਂ ਤੇ ਖ਼ੁਸ਼ਹਾਲੀ ਆਵੇ ।