ਬਦਲੇ ਨੇ ਕਿਸ ਤਰਾਂ ਦੇ ਹਾਲਾਤ

ਬਦਲੇ ਨੇ ਕਿਸ ਤਰਾਂ ਦੇ ਹਾਲਾਤ ਸਹਿਜੇ ਸਹਿਜੇ

ਦਿਲ ਵਿਚ ਹੀ ਮਰ ਗਏ ਨੇ ਜਜ਼ਬਾਤ ਸਹਿਜੇ ਸਹਿਜੇ

ਤਾਰੇ ਸਮੇਟ ਸਾਰੇ ਜਦ ਰਾਤ ਤੁਰ ਪਈ, ਤਾਂ

ਘੂੰਘਟ ਉਠਾ ਕੇ ਆਈ ਪਰਭਾਤ ਸਹਿਜੇ ਸਹਿਜੇ।

ਛਟ ਗਏ ਗ਼ਮਾਂ ਦੇ ਬੱਦਲ ਨਿੰਬਲ ਅਕਾਸ਼ ਹੋਇਆ

ਨੈਣਾਂ ਦੀ ਥਮ ਗਈ ਹੈ ਬਰਸਾਤ ਸਹਿਜੇ ਸਹਿਜੇ

ਹੁਣ ਪਿਆਰ ਵਿਚ ਮਿਲਾਵਟ ਖ਼ੁਦਗਰਜ਼ੀਆਂ ਦੀ ਹੁੰਦੀ

ਵਧਦਾ ਹੀ ਜਾ ਰਿਹਾ ਹੈ ਅਨੁਪਾਤ ਸਹਿਜੇ ਸਹਿਜੇ

ਉਲਫ਼ਤ ਬਣਾ ਕੇ ਬਾਜ਼ੀ ਰਾਜੇ ਤੇ ਰਾਣੀਆਂ ਦੀ

ਕਿਉਂ ਦੇ ਗਏ ਅਸਾਨੂੰ ਸ਼ਹਿਮਾਤ ਸਹਿਜੇ ਸਹਿਜੇ

ਜਿਹਨਾਂ ਨੂੰ ਪੂਜਿਆ ਸੀ ਸਿਮਰਤ ਖ਼ੁਦਾ ਦੇ ਵਾਗੂੰ

ਦਿਖਲਾ ਗਏ ਉਹ ਅਪਣੀ ਔਕਾਤ ਸਹਿਜੇ ਸਹਿਜੇ

📝 ਸੋਧ ਲਈ ਭੇਜੋ