ਕਿਉਂ ਬਾਗ਼ਾਂ ਨਾਲ ਪਿਆਰ ਪਿਆ ?
ਕਿਉਂ ਦਿਸਦਾ ਮੁੜ ਮੁੜ ਯਾਰ ਪਿਆ ?
ਮੇਰਾ ਡਾਢੇ ਨਾਲ ਹਿਸਾਬ ਪਿਆ
ਘੁੰਡ ਚੁੱਕਦਾ ਭਰੇ ਬਜ਼ਾਰ ਪਿਆ।
ਗੱਲ੍ਹ ਭੱਖਦੀ ਅੰਧ ਗੁਬਾਰਾਂ ਦੀ
ਚੰਨ ਚਮਕੇ ਮੇਰੇ ਦੁਆਰ ਪਿਆ।
ਮੈਨੂੰ ਕਣਕਾਂ ਸਾਹਮੇ ਰੂਪ ਪਿਆ
ਤੇ ਟਾਹਲੀਆਂ ਛਾਵੇਂ ਪਿਆਰ ਪਿਆ।
ਕਦੇ ਫੇਰ ਅੰਬਾਂ ਨੂੰ ਬੂਰ ਪਵੇ
ਬਿਨ ਤੱਕਿਆਂ ਤੁਰ ਅਸਵਾਰ ਪਿਆ।
ਰੋਹ ਭਰੇ ਕੇਸੂਆਂ ਦੀ ਨਜ਼ਰੀਂ
ਰੰਗ ਸੂਰਜ ਲਬਾਂ 'ਤੇ ਚਾੜ੍ਹ ਪਿਆ।
ਨ ਕੋਇਲ ਥਲਾਂ ਦੇ ਹਿਜਰ ਸੁਣੇ
ਕਿਉਂ ਐਵੇਂ ਬਲੇ ਅਨਾਰ ਪਿਆ !
ਕਿਉਂ ਡਾਢੇ ਨਾਲ ਉਧਾਰ ਪਿਆ ?
ਕਿਉਂ ਦਰਦ ਵਸਲ ਤੋਂ ਪਾਰ ਪਿਆ ?
ਬੀਬਾ ਸਿਖਰ ਦੁਪਹਿਰਾਂ ਨੇ ਛਾਂ ਸਾਡੀ
ਤਪ ਕੌਲ ਸ਼ੀਹਾਂ ਦੇ ਬਾਰ ਪਿਆ।
ਜੀਵੇਂ ਲੰਮੀਆਂ ਧਰੇਕਾਂ ਦੇ ਰੰਗ ਭਲੇ
ਲੰਘ ਨਦੀਆਂ ਉਤਰੇ ਹਾੜ ਪਿਆ।