ਬਗ਼ਾਵਤ ਦੀ ਹਵਾ ਉੱਠੀ ਹੈ ਕੱਚਿਆਂ ਢਾਰਿਆਂ ਕੋਲੋਂ।
ਓ ਤਖ਼ਤਾਂ ਵਾਲਿਓ ਹੁਸ਼ਿਆਰ ! ਵਖ਼ਤਾਂ ਮਾਰਿਆਂ ਕੋਲੋਂ।
ਸਿਰਾਂ ‘ਤੇ ਬੰਨ੍ਹ ਕੇ ਕੱਫਣ ਮੈਦਾਨਾਂ ਵਿਚ ਨਿਤਰ ਆਏ,
ਜਿੰਨਾਂ ਨੇ ਲੈਣਾ ਸੀ ਲੇਖਾ ਉਹਨਾਂ ਹਤਿਆਰਿਆਂ ਕੋਲੋਂ।
ਉਨ੍ਹਾਂ ਮਾਸੂਮ ਲੋਕਾਂ ਦੇ ਵੀ ਉਹ ਦੀਵੇ ਬੁਝਾ ਦਿੰਦੇ,
ਮੁਰਾਦਾਂ ਮੰਗਦੇ ਨੇ ਜਿਹੜੇ ਟੁੱਟਿਆਂ ਤਾਰਿਆਂ ਕੋਲੋਂ।
ਚੜ੍ਹਾ ਲੈ ਪਾਣ ਲੋਹੇ ਦੀ ਤੂੰ ਆਪਣੀ ਸੁਬਕ ਹਸਤੀ ਨੂੰ,
ਦਇਆ ਦੀ ਆਸ ਨਾ ਰੱਖ ਇਹਨਾਂ ਖ਼ੂਨੀ ਆਰਿਆਂ ਕੋਲੋਂ।
ਜੋ ਵੰਗਾਂ ਦੇ ਬਹਾਨੇ ਹੱਥ ਵੱਢ ਲੈਂਦੇ ਨੇ ਕੁੜੀਆਂ ਦੇ,
ਨੀ ਕੁੜੀਓ ਬਚ ਕੇ ਰਹਿਣਾ ਐਸੇ ਠੱਗ ਵਣਜਾਰਿਆਂ ਕੋਲੋਂ।
ਕੋਈ ਬੇਰਹਿਮ ਖਿੱਚ ਕੇ ਆਂਦਰਾਂ ਜਿਉਂ ਤੋੜ ਦਿੰਦਾ ਹੈ,
ਜੁਦਾ ਇਉਂ ਵਕਤ ਨੇ ਕੀਤਾ ਹੈ ਸਾਨੂੰ ਪਿਆਰਿਆਂ ਕੋਲੋਂ