ਦਿਨ ਕਿਸੇ ਜਾਗੋ ਮੀਟੀ ਨਾਰ ਮੁਟਿਆਰ ਵਾਂਗ ।
ਕਾਲੇ ਕਾਲੇ ਬਦਲੀ ਦੁਪੱਟੇ ਵਿਚੋਂ ਤੱਕ ਕੇ ।
ਠੰਡੀ ਠੰਡੀ ਵਾ ਦਿਆਂ ਲੋਰਿਆਂ 'ਚ ਆ ਕੇ ।
ਮੁੜ ਲੰਮੀ ਤਾਣਨੇ ਦੇ ਆਹਰਾਂ ਵਿਚ ਪਿਆ ਸੀ ।
ਹਾੜ ਦੀ ਦੁਪਹਿਰ ਸੀ ਤੇ ਸੌਣੇ ਵਾਲਾ ਅੰਗ ਲੱਗ ਰਿਹਾ ਸੀ ।
ਬਦਲ ਇੰਜ ਟਿੱਲੇ ਵੱਲੋਂ ਚੜ੍ਹ ਪਿਆ ਗੱਜਦਾ ।
ਜਿਵੇਂ ਬਾਲ ਨਾਥ ਕੋਲੋਂ,
ਰਾਂਝਾ ਜੋਗ ਲੈ ਕੇ ਤੇ ਨਾਦ ਵਜਾਂਦਾ ਆਵੇ ।
ਪਿੰਡੋਂ ਮੁਕਲੇਰਾ ਐਵੇਂ ਫਿਰਦਿਆਂ ਟੁਰਦਿਆਂ,
ਮੈਂ ਜਦੋਂ ਸੇਮ ਵਾਲੇ ਨਾਲੇ ਉੱਤੇ ਪੁੱਜਿਆ ।
ਬਗਲੇ ਕੀ ਤੱਕਨਾਂ ਜੇ ਅੰਤ ਸ਼ੁਮਾਰ ਨਹੀਂ ।
ਕਾਲੇ ਕਾਲੇ ਬੱਦਲਾਂ ਦੇ ਅੱਗੇ ਪਏ ਉੱਡਦੇ ।
ਚਿੱਟੇ ਚਿੱਟੇ ਖੰਭਾਂ ਨਾਲ ਕਿੱਡੇ ਸੋਹਣੇ ਲੱਗਦੇ ।
ਪੋਲੀ ਪੈਰੀਂ 'ਵਾ ਪਈ ਪਾਣੀਆਂ ਨੂੰ ਲੰਘਦੀ ।
ਬੰਨਿਆਂ ਤੇ ਉਗਿਆਂ ਬਰੂਟਿਆਂ ਨੂੰ ਸੁੰਘਦੀ ।
ਮੱਛੀਆਂ ਪਤਾਲ ਵਿਚੋਂ ਓਸ ਦੀ ਉਮੀਦ ਤੇ ।
ਇੰਜ ਉਤਾਂਹ ਆਉਂਦੀਆਂ ਤੇ ਸਾਹ ਪਈਆਂ ਲੈਂਦੀਆਂ ।
ਚਿੱਕ ਪਿੱਛੋਂ ਜਿਵੇਂ ਨਾਰਾਂ ਹੋਣ ਪਈਆਂ ਵਿੰਹਦੀਆਂ ।
ਫਿੱਟੇ ਹੋਏ ਪਿੰਡ ਦੇ ਮੁੰਡੇ ਨੇ ਵਾਂਗ ਬਗਲੇ ।
ਸਿੱਧੜ ਅਭੋਲ ਜਹੀਆਂ ਮੱਛੀਆਂ ਨੂੰ ਤਾੜਦੇ ।
ਕਦੇ ਏਸ ਦੰਦੇ ਕਦੇ ਉਸ ਪਏ ਜਾਂਦੇ ਨੇ ।
ਆਦਮੀ ਖ਼ਿਆਲ ਦੀ ਨਿਆਈਂ ਏਂ,
ਸੋਚ ਦੀ ਮੁਹਾਰ ਇਕ ਹੋਰ ਪਾਸੇ ਮੁੜ ਗਈ ।
ਕੇਹੀ ਰਾਸਧਾਰੀਏ ਨੇ ਰਾਸ ਰਚਾਈ ਏ ।
ਆਪਣਾ ਈ ਬੱਕਰਾ ਤੇ ਆਪ ਈ ਕਸਾਈ ਏ ।
ਪਾਣੀਆਂ ਤੋਂ ਆਪ ਕਿਤੇ ਸੇਮ ਬਣਾਂਦਾ ਏ ।
ਫੇਰ ਓਸ ਸੇਮ ਵਿਚ ਮੱਛੀਆਂ ਤਰਾਂਦਾ ਏ ।
ਏਸ ਤਰ੍ਹਾਂ ਬਗਲੇ ਨੂੰ ਰਿਜ਼ਕ ਪੁਚਾਂਦਾ ਏ ।
ਬੱਗਲੇ ਵੀ ਤੇਰੇ ਨੇ ਤੇ ਮੱਛੀਆਂ ਵੀ ਤੇਰੀਆਂ ।
ਖੇਡਾਂ ਨੇ ਇਹ ਰੱਬਾ ! ਸਾਡੀ ਸੋਚ ਤੋਂ ਉਚੇਰੀਆਂ ।