ਬਗਲਿਆਂ ਦੇ ਘਰ ਵੀ ਹੁਣ

ਬਗਲਿਆਂ ਦੇ ਘਰ ਵੀ ਹੁਣ ਰੰਗਿਆ ਕਰੋ।

ਸੁੱਖ ਏਦਾਂ ਦੇਸ਼ ਦੀ ਮੰਗਿਆ ਕਰੋ।

ਆਪਣੇ ਹੱਥੋਂ ਹੀ ਮਿਰਜ਼ਾ ਖ਼ੁਦ ਮਰੇ,

ਤੀਰ ਏਦਾਂ ਜੰਡ ਤੇ ਟੰਗਿਆ ਕਰੋ।

ਖੂਨ ਬੇ-ਦੋਸ਼ਾਂ ਦਾ ਵੀ ਜਾਪੇ ਹਿਨਾ,

ਆਪਣੇ ਹੱਥਾਂ ਨੂੰ ਇਉਂ ਰੰਗਿਆ ਕਰੋ।

ਇਹ ਭੁਲੱਕੜ ਨੇ ਸਿਤਮ ਸਹਿ ਜਾਣਗੇ,

ਆਪਣੇ ਲੋਕਾਂ ਤੋਂ ਨਾ ਸੰਗਿਆ ਕਰੋ।

ਭੂਤ ਤਾਂ ਕਿ ਬਣ ਸਕੇ ਫਿਰ ਵਰਤਮਾਨ,

ਭੁੱਲ ਕੇ ਸਾਡੀ ਗਲੀ ਲੰਘਿਆ ਕਰੋ।

📝 ਸੋਧ ਲਈ ਭੇਜੋ