ਬਾਹਾਂ ਅਰਸ਼ ਵਲ ਰਤਾ

ਬਾਹਾਂ ਅਰਸ਼ ਵਲ ਰਤਾ ਕੁ ਉਲਾਰ ਲੈਣ ਦੇ, 

ਇਹਨਾਂ ਤਾਰਿਆਂ ਨੂੰ ਰਾਹਾਂ 'ਚ ਖਲ੍ਹਾਰ ਲੈਣ ਦੇ । 

ਤੇਰੇ ਰੱਬ ਦਾ ਹੁਕਮ ਇਕ ਪਲ ਮੰਨਾਂ, 

ਮੇਰੀ ਆਤਮਾ ਤੇ ਮੇਰਾ ਇਖ਼ਤਿਆਰ ਰਹਿਣ ਦੇ। 

ਚੰਨ ਤਾਰਿਆਂ ਨੂੰ ਧਰਤ ਤੇ ਉਤਾਰ ਕੇ ਰਹੂੰ, 

ਝਾਤੀ ਅਰਸ਼ ਵਲ ਰਤਾ ਮੈਨੂੰ ਮਾਰ ਲੈਣ ਦੇ।

ਮੈਂ ਹੁਸਨ ਕੋਲੋਂ ਪਿਆਰ ਵਾਲੀ ਖ਼ੈਰ ਮੰਗਦਾ, 

ਮੈਨੂੰ ਪਿਆਰ ਵਿਚ ਹੁਸਨ ਦੀ ਬਹਾਰ ਲੈਣ ਦੇ । 

ਏਸ ਆਲ੍ਹਣੇ ਦੇ ਭਾਗ ਨਹੀਂ ਮੌਤ ਅੱਗ ਦੀ, 

ਜ਼ਰਾ ਕਾਫ਼ਰਾਂ ਨੂੰ ਬਿਜਲੀਆਂ ਵੰਗਾਰ ਲੈਣ ਦੇ। 

ਮੇਰੀ ਅਣਖ ਤੇਰੇ ਤਰਸ ਦਾ ਹਸਾਨ ਕਿਉਂ ਲਏ, 

ਸਾਰਾ ਕਹਿਰ ਮੈਨੂੰ ਜਾਨ ਤੇ ਸਹਾਰ ਲੈਣ ਦੇ । 

ਤੇਰੇ ਪਿਆਲਿਆਂ ਚੋਂ ਜ਼ਹਿਰ ਮੈਂ ਨਿਸ਼ੰਗ ਪੀ ਗਿਆ, 

ਮੈਨੂੰ ਬੁੱਕਾਂ ਵਿਚ ਜ਼ਿੰਦਗੀ ਨਿਤਾਰ ਲੈਣ ਦੇ । 

ਮੇਰੇ ਸੂਰਜਾਂ ਦੀ ਝਾਲ ਭਲਾ ਕਿੰਨ੍ਹੇ ਝੱਲਣੀ, 

ਇਹ ਹੈ ਰਾਤ ਇਹਨੂੰ ਕਾਲਖਾਂ ਖਿਲਾਰ ਲੈਣ ਦੇ । 

ਤੇਰਾ ਪਿਆਰ ਸ਼ਾਲਾ ਜੁਗ ਜੁਗ ਚੜ੍ਹੇ ਨੇਪਰੇ, 

ਸਾਨੂੰ ਨਿੱਕਾ ਜਿਹਾ ਗ਼ਮ ਹੀ ਉਸਾਰ ਲੌਣ ਦੇ

ਉਹ ਕੀ ਜ਼ਿੰਦਗੀ ਜੋ ਤੜਪ ਤੋਂ ਹਮੇਸ਼ ਸੱਖਣੀ

ਮੇਰੀ ਜਾਨ ਵਿਚ ਜਾਨ ਬੇਕਰਾਰ ਰਹਿਣ ਦੇ

📝 ਸੋਧ ਲਈ ਭੇਜੋ