ਬਹੁਤ ਜਿਗਰਾ ਸੀ

ਬਹੁਤ ਜਿਗਰਾ ਸੀ ਪਰ ਹੁਣ ਹੋਰ ਕੁਝ ਵੀ ਜਰ ਨਹੀਂ ਹੁੰਦਾ। 

ਕਰਾਂ ਤਾਂ ਕੀ ਕਰਾਂ ਐਪਰ ਅਜੇ ਵੀ ਮਰ ਨਹੀਂ ਹੁੰਦਾ।

ਇਹ ਦਿਲ ਹੁਣ ਸੁਰਖ਼ਰੂ ਤੇਰੀ ਮੁਹੱਬਤ ਦੀ ਕਸ਼ਮਕਸ਼ ਤੋਂ, 

ਮੈਂ ਚਾਹੁੰਦਾ ਹਾਂ ਕਿ ਹੋ ਜਾਏ ਕਰਾਂ ਕੀ ਪਰ ਨਹੀਂ ਹੁੰਦਾ। 

ਉਨ੍ਹਾਂ ਦੇ ਪੈਰ ਚੁੰਮਣ ਨੂੰ ਸਦਾ ਹੈ ਤਾਂਘਦੀ ਮੰਜ਼ਿਲ, 

ਜਿੰਨ੍ਹਾਂ ਨੂੰ ਔਖਿਆਂ ਰਾਹਾਂ ਦਾ ਕੋਈ ਡਰ ਨਹੀਂ ਹੁੰਦਾ।

ਇਹ ਦਿਲ ਆਕੀ ਅਕਲ ਮੇਰੀ ਤੋਂ ਹੋ ਜਾਂਦਾ ਕਈ ਵਾਰੀ, 

ਤੇਰੀ ਅੱਖ ਦੇ ਇਸ਼ਾਰੇ ਤੋਂ ਕਦੀ ਨਾਬਰ ਨਹੀਂ ਹੁੰਦਾ।

ਭਟਕਦਾ ਭਾਲ ਤੇਰੀ ਵਿਚ ਮੈਂ ਆਇਆ ਕਿਸ ਪੜਾ ਉੱਤੇ, 

ਕਿ ਹੁਣ ਮੈਥੋਂ ਤਾਂ ਮੁੜ ਕੇ ਢੂੰਡ ਆਪਣਾ ਘਰ ਨਹੀਂ ਹੁੰਦਾ।

📝 ਸੋਧ ਲਈ ਭੇਜੋ