ਬਹੁਤ ਕੁਝ ਹੈ
ਜਿਉਣ ਲਈ
ਏਨੀਆਂ ਪਈਆਂ
ਰੋਣ ਲਈ ਰਾਤਾਂ
ਅਜੇ ਕਿਹੜੀ
ਕਹਾਣੀ ਮੁੱਕ ਗਈ
ਅਜੇ ਕਿਹੜੀਆਂ ਮੁੱਕ ਗਈਆਂ ਬਾਤਾਂ
ਖੇਡਣ ਲਈ ਏਡਾ ਵੱਡਾ ਨੀਲਾ ਅੰਬਰ
ਨਾਲ ਖੇਡਣ ਨੂੰ
ਏਨੇ ਯਾਰ ਵੇਲੀ ਨੰਗ ਧੜੰਗੇ ਸਿਤਾਰੇ
ਗੀਤ ਪਰਿੰਦਿਆਂ ਦੇ
ਰਸ-ਗੁੱਧੇ ਮਾਨਣ ਲਈ
ਨੱਚਣ ਲਈ ਰੁੱਖ
ਡਾਲੀਆਂ ਪੱਤੇ ਦੇਣ ਹੁਲਾਰੇ
ਨਾਲ ਟੁਰਨ ਲਈ ਨਦੀਆਂ ਛਮ ਛਮ ਕਰਦੀਆਂ
ਵਹਿਣ ਲਈ ਲਹਿਰਾਂ ਦੇ ਲੱਖ ਨਜ਼ਾਰੇ
ਮਹਿਕਣ ਲਈ ਵੰਨ-ਸੁਵੰਨੇ ਫੁੱਲ ਕਲੀਆਂ
ਤੱਕਣ ਲਈ ਚਾਅ ਕੰਧਾਂ ਓਹਲੇ ਖੜ੍ਹੇ ਕੁਆਰੇ
ਪਹਿਨਣ ਲਈ ਰੰਗੀਨ ਪਲ ਰੌਣਕਾਂ ਬੇਅੰਤ
ਸੁਰਗ਼ ਲਈ ਕੁੱਲੀਆਂ ਰੌਸ਼ਨ ਢਾਰੇ
ਮਾਨਣ ਲਈ ਗੁਰ ਨਾਨਕ ਬਾਲਾ ਮਰਦਾਨਾ
ਸੌਣ ਲਈ ਸੁਫ਼ਨੇ ਪਲਕੀਂ ਪਿਆਰੇ ਪਿਆਰੇ
ਖੁਸ਼ਬੂਆਂ ਪੌਣਾਂ ਅਰਸ਼ 'ਤੋਂ ਉੱਤਰਣ
ਤੱਕਣ ਲਈ ਕਿੰਨੇ ਟਿੱਮਕਦੇ ਤਾਰੇ
ਗਾਉਂਣ ਲਈ ਖੇਤ ਫ਼ਸਲਾਂ ਝੂੰਮਣ
ਅੱਖਾਂ 'ਤੇ ਘੁੰਮਣ ਹੁਸਨਾਂ ਦੇ ਲਾਰੇ
ਟੋਰਾਂ ਲਈ ਵਿਛ ਜਾਏ ਹਿੱਕ ਧਰਤ ਦੀ
ਤਰਨ ਲਈ ਸਾਗਰ ਕਿੰਨੇ ਖ਼ਾਰੇ
ਸੀਨੇ 'ਚ ਉਦਾਸ ਪਰਤਾਂ ਅਜੇ ਕਿੰਨੀਆਂ
ਜੇਬਾਂ 'ਚ ਹੰਝੂ ਕਿੰਨੇ ਸਹਾਰੇ
ਸਾਂਭ ਕੇ ਰੱਖ ਦਿਲ ਜੋ ਨਹੀਂ ਵਿਰਦਾ
ਟੁੱਟੇ ਇਹਦੇ ਲਈ ਸੁਫ਼ਨੇ ਸਾਰੇ