ਬਹੁਤ ਕੁਝ ਸੀ ਘਰ ਵਿਚ

ਬਹੁਤ ਕੁਝ ਸੀ ਘਰ ਵਿਚ

ਸੂਰਜ ਵਰਗਾ ਬਾਪ

ਨੀਲੇ ਅਰਸ਼ ਵਰਗੀ ਮਾਂ

ਭੈਣ-ਭਰਾ ਸ਼ਬਦਾਂ ਵਰਗੇ

ਚੌਂਕੇ ਚੁੱਲ੍ਹੇ ਦੁਆਲੇ ਦੁਨੀਆਂ ਵਸਦੀ ਸੀ

ਵਿਹੜੇ ਵਿਚ ਰੌਣਕ ਨੱਚਦੀ ਸੀ

ਮਾਸੀ ਵਰਗੀਆਂ ਰਜਾਈਆਂ ਸੁੰਨੀਆਂ ਹੁਣ

ਭੂਆ ਵਰਗੇ ਚਾਅ ਗੁਆਚ ਗਏ ਨੇ

ਕਿੱਲੀਆਂ ਜਿਹਨਾਂ 'ਤੇ ਥਕਾਵਟ ਬਦਲਦੇ ਸਾਂ

ਸੋਹਣੇ ਸੋਹਣੇ ਨਵੇਂ ਸਵਾਏ ਝੱਗੇ ਪਜਾਮੇ ਟੰਗਦੇ ਸਾਂ

ਸੁੰਨੀਆਂ ਝਾਕਦੀਆਂ ਹਨ

ਹੁਣ ਪਿਤਾ ਦਾ ਮੰਜਾ ਇਕੱਲਾ ਪਿਆ ਹੈ

ਅਣਵਿਛਿਆ ਤਾਜ ਸਜਿਆ ਉਡੀਕ ਰਿਹਾ ਹੈ ਕਿਸੇ ਨੂੰ

ਸਾਈਕਲ ਖ਼ਬਰੇ ਕੌਣ ਚਲਾਉਂਦਾ ਹੋਵੇਗਾ?

ਜਿਸ 'ਤੇ ਬਾਪੂ ਨੇ

ਧਰਤ ਤਰੀ ਸੁਬ੍ਹਾ ਸ਼ਾਮ

ਮਾਂ ਦਾ ਚਰਖਾ

ਸਿਲਾਈ ਮਸ਼ੀਨ ਆਟੇ ਵਾਲਾ ਢੋਲ

ਜਿਸ 'ਤੇ ਮਾਂ ਦੇ ਪੋਟਿਆਂ ਦੀ ਛੋਹ ਹੈ

ਤੇ ਲੋਰੀਆਂ ਦੇ ਨਿਸ਼ਾਨ ਹਨ-ਬਿਟ ਬਿਟ ਝਾਕ ਰਹੇ

ਬੇਰੀ ਨੂੰ ਬੇਰ ਲੱਗਦੇ ਨੇ

ਪਰ ਤੋਤੇ ਉਡਾਉਣ ਵਾਲੀ ਚੰਨ ਵੱਲ ਤੁਰ ਗਈ

ਪੌਦੇ ਅਜੇ ਵੀ ਫੁੱਲ ਦਿੰਦੇ ਨੇ

ਪਰ ਪਾਣੀ ਪਾਉਣ ਵਾਲੀ ਤੁਰ ਗਈ ਮਾਲਣ

ਖਬਰੇ ਕਿਹੜੇ ਦੇਸ਼ ਚਲੀ ਗਈ

ਰੀਝਾਂ ਵਰਗੀ ਮੱਕੀ ਦੇ ਟੁੱਕ ਵਰਗੀ ਲੱਜਤ

ਜਿੰਦਰੇ ਲੱਗੇ ਬੂਹਿਆਂ ਉੱਤੇ

ਕਦੋਂ ਕੋਈ ਸੱਦਾ ਦਿੰਦਾ ਹੈ ਗਾਉਣ ਦਾ

ਕੌਣ ਵੰਡਦਾ ਹੈ ਲੱਡੂ ਵਿਆਹ ਦੇ

ਕੌਣ ਲੈਂਦਾ ਹੈ ਅੜੀ ਕਰ ਕਰ ਲੋਹੜੀਆਂ

ਭਿਖਾਰੀ ਵੀ ਨਹੀਂ ਰੁਕਦੇ

ਬੰਦ ਦਰਾਂ ਬੂਹਿਆਂ ਉੱਤੇ

ਓਦਣ ਦਾ ਨਾ ਤਾਂ ਕਾਂ ਬੋਲਿਆ ਹੈ ਬਨ੍ਹੇਰੇ 'ਤੇ

ਨਾ ਹੀ ਤੋਤੇ ਆਏ ਬੇਰ ਟੁੱਕਣ

ਘਰ ਇਕੱਲਾ ਵੀ ਕੀ ਕੀ ਕਰੇ

ਕਿਹਨੂੰ ਕਿਹਨੂੰ ਰੋਕੇ ਜਾਣੋ

ਕਿਹਦੀ ਕਿਹਦੀ ਬਾਂਹ ਘੁੱਟ ਫੜੇ

ਇਹ ਸੱਲ ਲੱਗੇ ਸਦੀਆਂ ਨੂੰ ਬੜੇ

ਹਰ ਪਿੰਡ ਦਰਾਂ 'ਤੇ ਖੜ੍ਹੇ

ਕੋਰੇ ਸਫ਼ੇ ਕਿਹੜਾ ਕੋਈ ਪੜ੍ਹੇ

📝 ਸੋਧ ਲਈ ਭੇਜੋ