ਬਹੁਤ ਵਾਰ ਹਰਿਆ ਹਾਂ ਮੈਂ
ਕਦੇ ਤੇਰੇ ਤੋਂ ਤੇ ਕਈ ਵਾਰ ਆਪਣੇ ਆਪ ਤੋਂ
ਪਹਿਲੀ ਵਾਰ ਓਦੋਂ ਹਰਿਆ ਸਾਂ
ਜਦ ਮੇਰੇ ਕੋਲੋਂ
ਮੱਛੀ ਦੀ ਅੱਖ 'ਚ ਤੀਰ ਨਹੀਂ ਸੀ ਵੱਜਾ
ਦੂਸਰੀ ਵਾਰ ਹਰ ਗਿਆ ਸਾਂ
ਤੇਰੇ ਭਰਾਵਾਂ ਕੋਲ਼ੋਂ
ਜਦ ਤੈਂ ਇਕ ਵੀ ਤੀਰ ਨਹੀਂ ਸੀ ਛੱਡਿਆ ਤੋੜ੍ਹਨੋ
ਸਾਰੇ ਹੀ ਭੰਨ੍ਹ ਸੁੱਟੇ ਸਨ ਡਰਦਿਆਂ
ਕਿ ਮੈਂ ਤੇਰੇ ਭਰਾਵਾਂ ਨੂੰ ਨਹੀਂ ਸੀ ਬਖ਼ਸ਼ਣਾ
ਤੀਸਰੀ ਵਾਰ ਮੈਂ ਦਰੋਪਦੀ ਦੀ ਪੱਤ
ਬਚਾਉਂਦਾ ਬਚਾਉਂਦਾ ਵੀ ਹਰ ਹੀ ਗਿਆ ਸਾਂ
ਇਕ ਦਿਨ ਤੈਨੂੰ
ਡੁੱਬਦੀ ਨੂੰ ਨਾ ਬਚਾ ਸਕਿਆ ਝਨਾਂ 'ਚੋਂ
ਤੇ ਕਈ ਵਾਰ ਤੇਰੇ ਤੋਂ ਹਰਿਆ
ਜਦ ਤੂੰ ਕਹਿਣ ਤੇ ਵੀ ਨਾ ਆਈ
ਤੇ ਜਿੱਤਦੀ ਰਹੀ ਹਰ ਵਾਰ
ਹਾਂ ਜੇ ਆਈ ਤਾਂ ਜਲਦੀ ਬਹਾਨਾ ਲਾ ਚਲੀ ਗਈ
ਇਹ ਵੀ ਤਾਂ ਇਕ ਹਾਰ ਹੀ ਹੁੰਦੀ ਹੈ
ਤੈਨੂੰ ਨਹੀਂ ਪਤਾ
ਕਿ ਉਡੀਕ 'ਚ ਬੈਠੀਆਂ ਰੂਹਾਂ
ਬਰੂਹਾਂ 'ਚ ਧੁਰ ਅੰਦਰੋਂ
ਕਿੰਨੀਆਂ ਪੱਛੀਆਂ ਜਾਂਦੀਆਂ ਹਨ
ਕਿੰਨੇ ਮਰਦੇ ਨੇ ਤਾਰੇ ਓਸ ਰਾਤ ਟੁੱਟ ਟੁੱਟ ਕੇ
ਕਿੰਨੇ ਹੰਝੂ ਡਿੱਗ ਡਿੱਗ ਮਰਦੇ ਨੇ ਧਰਤ 'ਤੇ ਬੇਗੁਨਾਹ
ਕਿੰਨੇ ਪਰਿੰਦਿਆਂ ਦੀ ਮੌਤ ਆਉਂਦੀ ਹੈ ਓਸ ਪਲ
ਰੀਝਾਂ ਕਿੰਨੀਆਂ ਬਲੀ ਚੜ੍ਹਦੀਆਂ ਤੂੰ ਕੀ ਜਾਣੇ
ਧੁੱਪ ਬਗ਼ੈਰ ਦੁਪਹਿਰ ਵੀ ਕਿਸ ਕੰਮ
ਬਲਦੀ ਹਿੱਕ ਨਾ ਠਰੇ ਤਾਂ ਕੀ ਕਰਨੀਆਂ ਕਾਲੀਆਂ ਘਟਾਵਾਂ
ਤੂੰ ਨਾ ਹੋਵੇਂ ਤਾਂ ਮਹਿਫ਼ਲ 'ਚ ਕਿਹੜਾ ਰੰਗ
ਵੈਸੇ ਤੇਰੇ ਕੋਲੋਂ ਤਾਂ
ਹਰ ਜਾਣ ਤੇ ਵੀ ਅਨੰਦਤ ਹੋਇਆ ਹਾਂ
ਜਿੱਤਿਆ ਰਹਿੰਦਾ ਹਾਂ
ਭਰਿਆ ਰਹਿੰਦਾ ਸਾਂ
ਤੇਰੇ ਨਰਮ ਪੋਟਿਆਂ ਦੀ ਛੁਹ ਹੁੰਦੀ ਸੀ ਨਾਲ
ਤੇਰੇ ਅੰਗ ਅੰਗ ਦੀ ਖੁਸ਼ਬੋ ਨਾਲ
ਅਗਲੀ ਮੁਲਾਕਾਤ ਦੀ ਉਡੀਕ ਹੁੰਦੀ ਸੀ
ਮੇਰੇ ਕੋਲ ਤੇਰੀ ਸਾਰੀ ਪਹਿਲੀ ਤਵਾਰੀਖ਼ ਹੁੰਦੀ ਸੀ
ਪੱਥਰ 'ਤੇ ਦੋਨਾਂ ਦੀ ਲਿਖੀ
ਅਗਲੀ ਮਿਲਣ ਤਾਰੀਕ ਹੁੰਦੀ ਸੀ
ਅੱਧੀ ਰਾਤੇ ਸੁਫ਼ਨੇ 'ਚ ਨਿੱਕਲੀ ਚੀਕ ਹੁੰਦੀ ਸੀ
ਕੰਧ 'ਤੇ ਮਾਰੀ ਇਕ ਲੀਕ ਹੁੰਦੀ ਸੀ
ਤੂੰ ਇੰਜ ਸਦਾ ਜਿੱਤਦੀ ਰਹੀ
ਤੇ ਮੈਂ ਜਹਾਨ ਭਰ 'ਚ 'ਕੱਲਾ ਹੀ ਹਰਦਾ ਰਿਹਾ
ਠੰਢੇ ਠੰਢੇ ਕੱਚੇ ਦੁੱਧ ਦੇ ਫ਼ੇਹੇ
ਰੋਂਦੀਆਂ ਨਿਮਾਣੀਆਂ ਅੱਖਾਂ 'ਤੇ ਧਰਦਾ ਰਿਹਾ
ਜਿੰਨੇ ਵੀ ਹੋ ਸਕੇ ਜ਼ਖ਼ਮ
ਹਾਉਕਿਆਂ ਨਾਲ ਹੀ ਭਰਦਾ ਰਿਹਾ
ਤੂੰ ਨਹੀਂ ਜਾਣਦੀ
ਕੋਈ ਨਹੀਂ ਮੋਢੇ 'ਤੇ ਹੱਥ ਧਰਦਾ ਹਾਰੀਆਂ ਹਵਾਵਾਂ ਦੇ
ਗੀਤ ਕੋਈ ਨਹੀਂ ਗਾਉਂਦਾ ਵੱਖ ਹੋਏ ਭਰਾਵਾਂ ਦੇ
ਨੇੜੇ ਆ ਆ ਕੋਈ ਨਹੀਂ ਬਹਿੰਦਾ ਤਪਦੀਆਂ ਥਾਵਾਂ ਦੇ
ਕਿੱਸੇ ਕੋਈ ਨਹੀਂ ਲਿਖਦਾ ਉੱਜੜੇ ਰਾਹਵਾਂ ਦੇ