ਬਹੁਤਾ ਹੈ ਜਾਂ ਥੋੜਾ ਹੈ ।
ਥੋੜਾ ਫਿਰ ਵੀ ਤੋੜਾ ਹੈ।
ਮੈਅਖ਼ਾਨਾ ਹੈ ਬਹੁਤ ਬੜਾ
ਸਾਕ਼ੀ ਦਾ ਦਿਲ ਥੋੜਾ ਹੈ।
ਜੁੱਤੀ-ਚੋਰ ਦਵੈਤੀ ਹੀ
ਮੇਰੇ ਰਾਹ ਦਾ ਰੋੜਾ ਹੈ।
ਇਨਸਾਨਾਂ ਦੀ ਦੁਨੀਆਂ ਵਿਚ
ਇਨਸਾਨਾਂ ਦਾ ਤੋੜਾ ਹੈ।
ਦਿੰਦੀ ਹੈ ਇਹ ਜਨਮ ਨਵਾਂ
ਮੌਤ ਦਾ ਡਰ ਬੇਲੋੜਾ ਹੈ।
ਤਿੱਖੀ ਚਾਲੇ ਚਲਦੇ ਹੋ
ਕਿਸ ਦੇ ਘਰ ਨੂੰ ਮੋੜਾ ਹੈ ?
ਜਿਹੜਾ ਗੁਜ਼ਰੇ ਤੇਰੇ ਨਾਲ
ਉਹ ਪਲ ਕਿਹੜਾ ਥੋੜਾ ਹੈ ?
ਭਰਦਾ ਫਿਸਦਾ ਰਹਿੰਦਾ ਏ
ਦੂਤੀ ਹਿਕ ਦਾ ਫੋੜਾ ਹੈ ।
ਨਾਜ਼ ਨ ਏਨਾ ਵਸਲ ਤੇ ਕਰ
ਆਖ਼ਰਕਾਰ ਵਿਛੋੜਾ ਹੈ।
ਮਿਲਿਆ ਤੇ ਹੈ ਪਿਆਰ ਤਿਰਾ
ਬਹੁਤਾ ਹੈ ਜਾਂ ਥੋੜਾ ਹੈ।
‘ਹਮਦਰਦਾ' ਦੁਨੀਆ ਵਿਚ ਕਿਉਂ
ਹਮਦਰਦਾਂ ਦਾ ਤੋੜਾ ਹੈ ?