ਬੈਠਾ ਹਾਂ ਉਸ ਦਿਨ ਦੀ ਉਡੀਕ 'ਚ
ਜਦ ਸੂਰਜ ਦੀਆਂ ਪਹਿਲੀਆਂ ਰਿਸ਼ਮਾਂ ਦੇ
ਮੁੱਖ 'ਤੋਂ ਕਾਲੀਆਂ ਚੁੰਨੀਆਂ ਸਰਕਣਗੀਆਂ
ਦੁਪਹਿਰਾਂ ਜਦ ਹੱਸਦੀਆਂ ਜਾਂਦੀਆਂ ਦੇਖਾਂਗਾ
ਸਾਹ ਹੋਣਗੇ ਬੂਹਿਆਂ ਦੀਆਂ ਵਿਰਲਾਂ 'ਚ ਵੀ ਬਚੇ
ਲਾਲ ਸੂਹੇ ਚੂੜਿਆਂ ਨੂੰ ਚਾਅ ਹੋਵੇਗਾ
ਕਿਸੇ ਦੇ ਆਉਣ ਦਾ
ਵਿਹੜਿਆਂ ਨੂੰ ਰੀਝਾਂ ਹੋਣਗੀਆਂ ਧਮਾਲਾਂ ਦੀਆਂ
ਦਰਾਂ 'ਤੇ ਬੱਝਣਗੇ ਮੌਲੀ 'ਚ ਪਰੋਏ ਪੱਤ ਸਰੀਂਹ ਦੇ
ਗੀਤ ਹੋਣਗੇ ਜਦ ਬੁੱਲਾਂ 'ਤੇ
ਪੈਰਾਂ 'ਚ ਪਜੇਬਾਂ ਦੇ ਬੋਰਾਂ ਨੂੰ ਆਵੇਗਾ ਲੋਹੜਾ
ਝੂੰਮਣਗੇ ਖੇਤ ਛੱਲੀਆਂ ਦੇ ਕੱਚਿਆਂ ਦੋਧਿਆਂ ਨਾਲ
ਕੁੱਖ 'ਚ ਲੋਅ ਹੋਵੇਗੀ ਧਰਤ ਦੇ
ਸੁਸੁਬ੍ਹਾ 'ਚ ਸ਼ਬਦ ਹੋਣਗੇ ਗੁਰ ਨਾਨਕ ਦੇ
ਉਡੀਕ ਰਿਹਾ ਹਾਂ ਗੋਬਿੰਦ ਸਿੰਘ ਨੂੰ
ਅਨੰਦਪੁਰ ਦੇ ਰਾਹਾਂ 'ਚ ਪੰਜ ਹੋਰ ਸਿਰ ਲੈ ਕੇ
ਇਕ ਵਾਰ ਫਿਰ ਸਾਜੇ ਉਹ ਸ਼ੇਰ
ਕਿ ਪਹਿਲਿਆਂ ਦੀ ਵੰਸ਼ 'ਚੋਂ
ਸੱਧਰਾਂ ਕਿਰ ਗਈਆਂ ਹਨ ਜੂਝਣ ਵਾਲੀਆਂ
ਪੰਥ ਨੂੰ ਹੋਟਲਾਂ ਦੇ ਚਾਅ ਚੜ੍ਹੇ ਪਏ ਨੇ
ਕਿਰਪਾਨਾਂ ਨੂੰ ਭਰਾਵਾਂ ਦੀਆਂ ਬਾਹਵਾਂ ਹੀ ਦਿਸਦੀਆਂ ਹਨ
ਗੋਲਕਾਂ ਨੇ ਤਾਂ ਕੀ ਸਾਰ ਲੈਣੀ ਸੀ ਗ਼ਰੀਬੀ ਦੀ
ਪੌੜੀਆਂ ਵੀ ਸਾਰ ਨਹੀਂ ਲੈਦੀਆਂ ਗ਼ੁਰਬਤ ਦੀ
ਬੋਲਣ 'ਤੇ ਫ਼ਤਵੇ ਮਿਲਦੇ ਹਨ
ਭਾਲਦੀਆਂ ਹਨ ਤਲਵਾਰਾਂ ਰਾਤ ਦਿਨ ਆਵਾਜ਼ਾਂ ਨੂੰ
ਜਾਂ ਪੀਣ ਨੂੰ ਜ਼ਹਿਰ ਮਿਲਦੀ ਹੈ
ਰੂਹਾਂ ਪਿਆਸੀਆਂ ਜਾਣ ਤਾਂ ਕਿੱਥੇ
ਸਹਿਕਦੀਆਂ ਮਰਨ ਤਾਂ ਕਿਹੜੇ ਦਰ 'ਤੇ
ਅਰਮਾਨ ਸਨ ਕੌਮ ਦੇ
ਕੁਝ ਪਰਿਵਾਰਾਂ ਨੇ ਹੀ ਡੀਕ ਲਏ ਸਾਰੇ
ਕੀਮਤ ਤਾਂ ਕੀ ਪੈਣੀ ਸੀ ਭੁੱਖੀਆਂ ਸਰਦਲਾਂ 'ਤੇ
ਇਨਸਾਨੀਅਤ ਜੇ ਕਿਤੇ ਬਚੀ ਹੈ
ਤਾਂ ਜਾਵੇ ਕਿਹੜੀ ਮਿੱਟੀ 'ਚ ਦਫ਼ਨ ਹੋਣ
ਹੁਸਨ ਜਾਵੇ ਤਾਂ ਕਿਹੜੀ ਮੰਡੀ 'ਚ ਵਿਕਣ
ਗ਼ੈਰਤ ਰੁਲੇ ਤਾਂ ਕਿੱਥੇ
ਉਡੀਕਾਂ ਦਮ ਤੋੜ੍ਹਨ ਤਾਂ ਕਿਹੜੇ ਚੁਰਾਹੇ 'ਚ
ਯੁਮਲਿਆਂ ਨੂੰ ਤਲੀ 'ਤੇ ਧਰ ਕੇ
ਕਿਹੜਾ ਪੇਟ ਭਰਦੇ ਨੇ
ਕਿੰਨਾ ਕੁ ਚਿਰ ਕੋਈ ਰੱਖ ਸਕਦਾ ਹੈ
ਬੱਚੇ ਨੂੰ ਖਿਡੌਣਿਆਂ ਦੇ ਲਾਰਿਆਂ 'ਤੇ
ਭਾਸ਼ਣ ਏਨੇ ਬੇਸ਼ਰਮ ਹੋ ਗਏ ਹਨ
ਕਿ ਮਰਦੇ ਹੀ ਨਹੀਂ ਸਦੀਆਂ ਦੇ ਹੱਥੋਂ
ਕਰਤੂਤਾਂ ਏਨੀਆਂ ਕਾਲੀਆਂ
ਕਿ ਘੁੰਢ ਵੀ ਨਹੀਂ ਕੱਢਦੀਆਂ ਨੱਚਣ ਵੇਲੇ
ਰੂਹਾਂ ਨੂੰ ਏਨੀ ਭੁੱਖ
ਜਿਵੇਂ ਚਿਖ਼ਾ ਤੇ ਵਿਛਾ ਲੇਟਣਾ ਹੋਵੇ ਜਗੀਰਾਂ ਨੂੰ
ਨਜ਼ਰ 'ਚ ਮੋਤੀਏ ਦੀ ਲਿਸ਼ਕ ਹੈ
ਲਿੱਬੜੇ ਮੂੰਹ ਨੂੰ ਅਜੇ ਵੀ ਪਿਆਸ ਹੈ
ਸੁੱਕੀਆਂ ਆਂਦਰਾਂ 'ਚ ਰਹਿ ਗਏ ਦੋ ਤੁਪਕੇ ਖ਼ੂਨ ਦੀ
ਜਾਣਦੇ ਨਹੀਂ ਦਰਬਾਰ
ਕਿ ਗੱਡੇ ਬੁੱਤ ਵੀ ਤੋੜ ਦਿੰਦੇ ਨੇ ਲੋਕ ਹੁਣ
ਰਾਖ਼ ਕਰ ਦਿੰਦੇ ਹਨ ਮਹਿਲ ਮੁਨਾਰੇ
ਦੌਲਤਾਂ ਸਹਾਰੇ ਕਦੇ ਤਰਿਆ ਨਹੀਂ ਜਾਂਦਾ
ਮੰਜ਼ਿਲਾਂ ਨਹੀਂ ਕਦੇ ਮਿਲਦੀਆਂ
ਬੇਗ਼ਾਨੇ ਮੋਢਿਆਂ 'ਤੇ ਹੱਥ ਧਰਕੇ
ਬੁਢਾਪੇ ਨੂੰ ਪਿਆਸ ਨਹੀਂ ਲਾਈ ਦੀ ਦਰਿਆਵਾਂ ਦੀ
ਮਾਸੂਮ ਗਲੀਆਂ ਨੂੰ ਭਿੱਖਿਆ ਮੰਗਣ ਨਹੀਂ ਤੋਰੀਦਾ
ਹੱਕ ਕਦੇ ਸਲੀਬਾਂ ਤੋਂ ਨਹੀਂ ਡਰਦੇ
ਖ਼ਾਬ ਕਦੇ ਰਾਤਾਂ 'ਚੋਂ ਨਹੀਂ ਮਰਦੇ
ਖੰਜਰ ਕਦੇ ਨਿਹੱਥਿਆਂ ਨਾਲ ਨਹੀਂ ਲੜ੍ਹਦੇ
ਜ਼ਖ਼ਮ ਕਦੇ ਦਿਲਾਸਿਆਂ ਸੰਗ ਨਹੀਂ ਭਰਦੇ