ਤੇਰਾ ਵੀ ਮੇਰਾ ਵੀ ਰੱਬ ਸਭ ਲੋਕਾਂ ਦਾ ਸਾਂਝਾ

ਇਕੋ ਰੱਬ ਮਨਾਉਣ ਦੇ ਲਈ ਕੋਈ ਮਸੀਤਾਂ ਪਿਆ ਬਣਾਂਦਾ

ਕੋਈ ਗਿਰਜੇ ਜਾ ਟਲ਼ ਖੜਕਾਂਦਾ ਲੋਕਾਂ ਤਾਈਂ ਪਿਆ ਵਿਖਾਂਦਾ

ਗੁਰੂਦੁਆਰੇ ਵੜਿਆ ਕੋਈ ਕੋਈ ਮੰਦਰ ਵਿਚ ਸੀਸ ਨਿਵਾਂਦਾ

ਕੋਈ ਸੂਰਜ ਨੂੰ ਮੱਥੇ ਟੇਕੇ ਕੋਈ ਪਾਣੀ ਤੋਂ ਪਿਆ ਘਬਰਾਂਦਾ

ਹਰ ਕੋਈ ਵੱਖਰਾ ਰੱਬ ਬਣਾ ਕੇ ਦੂਜਿਆਂ ਨਾਲ਼ ਹੈ ਝਗੜੀ ਜਾਂਦਾ

ਦੂਜਿਆਂ ਦੀ ਹੈ ਜਾਨ ਗਵਾਂਦਾ ਦੂਜਿਆਂ ਦੀ ਹੈ ਜਾਨ ਗਵਾਂਦਾ

ਰੁੱਸਿਆ ਰੱਬ ਮਨਾਉਣ ਦੇ ਲਈ ਦੂਜਿਆਂ ਦੀ ਰੱਤ ਅੰਦਰ ਨਹਾਂਦਾ

ਆਪਣੇ ਹਟ ਪਿਆ ਚਮਕਾਂਦਾ ਆਪਣੇ ਹਟ ਪਿਆ ਚਮਕਾਂਦਾ

ਆਪਣੀਆਂ ਲੋੜਾਂ ਆਪਣੀਆਂ ਥੁੜ੍ਹਾਂ ਪੂਰਨ ਦੇ ਲਈ ਰੱਬ ਨੂੰ ਫੜ ਕੇ ਅੱਗੇ ਲਾਂਦਾ

ਮਨ ਦੀਆਂ ਗੁੰਝਲਾਂ ਖੋਲ੍ਹਣ ਦੀ ਥਾਂ ਹੋਰ ਭੁਲੇਖੇ ਖਾਈ ਜਾਂਦਾ

ਮੇਰਿਓ ਵੀਰੋ ਅਸੀਂ ਹਾਂ ਸਾਰੇ ਇਕੋ ਮਾਂ ਪਿਓ ਜਾਏ

ਇੱਕ ਧਰਤੀ ਦੇ ਪੁੱਤ ਹਾਂ ਸਾਰੇ ਇਸ ਧਰਤੀ ਦੀਆਂ ਠੰਢੀਆਂ ਛਾਂਵਾਂ

ਇਸ ਧਰਤੀ ਦੇ ਸੋਹਣੇ ਮੁਖੜੇ ਨੇ ਸਾਡੇ ਸਭ ਕਾਜ ਸਵਾਰੇ

ਮੁੜ ਕਿਉਂ ਕੋਈ ਕਿਸੇ ਨੂੰ ਮਾਰੇ ਇਕੋ ਜੰਮ ਦੇ ਸਾਰੇ

ਮਰਕੇ ਇਕੋ ਪਾਸੇ ਜਾਣਾ ਮੁੜ ਆਪਣੇ ਵਿਚ ਵੈਰ ਕਿਉਂ ਪਾਈਏ

ਧਰਤੀ ਦਾ ਕਿਉਂ ਸੁਖ ਗਵਾਈਏ ਇਕੋ ਟੱਬਰ ਜੀਆਂ ਵਿੱਚ

ਇਹ ਸੋਚੋ ਕਿਸ ਪਾਇਆ ਝੇੜਾ ਕਿਸ ਨੇ ਕੀਤਾ ਐਡ ਬਖੇੜਾ

📝 ਸੋਧ ਲਈ ਭੇਜੋ