ਬੱਕੀ ਖੜੀ ਜੰਡ ਹੇਠ
ਉੱਡ ਆਈ ਜਿਵੇਂ ਹੇਕ
ਰਹੀ ਬਾਰਾਂ ਵੱਲ ਵੇਖ-
ਮਾਰੇ ਸਮਾਂ ਲਿਸ਼ਕੋਰ
ਅਜੇ ਭੇਦ ਬੜੇ ਹੋਰ।
ਮਿੱਠੇ ਨਿੰਮਾਂ ਦੇ ਹੁਲਾਰੇ
ਛੁਪੇ ਜੋਬਨਾਂ ਦੇ ਲਾਰੇ
ਚੜ੍ਹ ਧਰਤ ਦੇ ਨਜ਼ਾਰੇ
ਪਾਉਂਦੇ ਨਜ਼ਰਾਂ ਦਾ ਜ਼ੋਰ
ਰੁੱਤ ਮੁੜੇ ਨ ਅਮੋੜ।
ਚੁਗਦੇ ਸਾਲ ਤੇ ਮਹੀਨੇ
ਖਿੰਡੇ ਜੋਗੀ ਦੇ ਚੀਨੇ
ਛਲਕਣ ਰੁੱਤਾਂ ਦੇ ਸੀਨੇ
ਵਣੀਂ ਹੁੱਲਦੀ ਧਰੇਕ
ਫੜੇ ਤਾਰਿਆਂ ਦੀ ਹੇਕ।
ਸਮਾਂ ਵੇਖਦਾ ਏ ਝੋਕਾਂ
ਕੋਹਿਆ ਬ੍ਰਿਛਾਂ ਨੂੰ ਲੋਕਾਂ
ਉਡਦੇ ਪੰਛੀਆਂ 'ਤੇ ਰੋਕਾਂ—
ਦੂਰ ਦੂਰ ਸੋਹਣੇ ਲੇਖ
ਜਿਵੇਂ ਕਹਿਕਸ਼ਾਂ ਦੀ ਰੇਖ।
ਸਾਹਿਬਾਂ ਦਸਦੇ ਨੇ ਸ਼ਾਇਰ
ਕੋਈ ਫ਼ਜਰਾਂ ਦੀ ਲਹਿਰ
ਛਲਕੇ ਸਿਖਰ ਦੁਪਹਿਰ—
ਥਰਹਰ ਸੰਵ ਦੀ ਖੁਮਾਰੀ
ਲਾਈ ਬ੍ਰਿਛਾਂ ਨਾ' ਯਾਰੀ।
ਛੂਹ ਨ ਤੀਰਾਂ ਦੇ ਨੂਰ
ਜੀਵੇਂ ਵੇਖੀਂ ਨ ਤੂਰ
ਭਾਵੇਂ ਜੋਬਨ ਮਨਜ਼ੂਰ
ਕੱਚੇ ਘੜੇ ਦੀ ਵਾਰੀ
ਭੁੱਲ ਜਾਸੇਂ ਨੀ ਤਾਰੀ।
ਸੁੱਤਾ ਦਹਿਰ ਦਾ ਰਿੰਦ
ਸਾਨੂੰ ਵੇਖਦਾ ਨ ਬਿੰਦ
ਤੈਂਡੇ ਤੀਰ ਮੈਂਡੀ ਜਿੰਦ-
ਜੋਬਨ ਵੈਂਦਾ ਏ ਢੱਲਿਆ
ਸੁਣੀਂ ਯਾਰ ਦਿਆ ਛੱਲਿਆ।
ਲੈ ਜਾ ਜਿੰਦੜੀ ਦੀ ਵੱਥ
ਤੈਂਡਾ ਦੂਰ ਦੁਰਾਡੜੇ ਰੱਥ
ਜੀਵੇਂ ਸਮੇਂ ਤੋਂ ਲੰਮੇ ਨਾਂਹ ਹੱਥ।
ਸਈਓ ਬੱਕੀ ਦਾ ਜੋਬਨ ਚੱਲਿਆ
ਨਾਂਹ ਸ਼ਹੁ ਦਰਿਆਵਾਂ ਠੱਲ੍ਹਿਆ।
ਸਾਹਮੇ ਤਾਰਿਆਂ ਦੀ ਵਾਹਰ
ਤਪੇ ਹੜ੍ਹਾਂ ਵਿੱਚਕਾਰ
ਖੜਾ ਬੱਕੀ ਦਾ ਸਵਾਰ-
ਧਨੁਸ਼ ਗਗਨਾਂ ਦਾ ਤੋੜੇ
ਸਾਡੇ ਵੱਲ ਨੈਣ ਮੋੜੇ।
ਅਸਾਂ ਵੇਖੀ ਵਿਚ ਖੀਵੇ
ਬਾਲ ਨਿੱਕੇ ਨਿੱਕੇ ਦੀਵੇ
ਕਿਵੇਂ ਧਰਤੀ ਇਹ ਜੀਵੇ
ਵਿਚ ਪੁੱਤਾਂ ਦੇ ਦੇ ਵਿਛੋੜੇ-
ਧੀਆਂ ਰੋਂਦੀਆਂ ਦੇ ਝੋਰੇ।
ਪਾਰ ਮੁੱਢ ਤੇ ਕਦੀਮਾਂ
ਸਾਡੇ ਸੁੱਚੜੇ ਯਕੀਨਾਂ
ਉਹੀਓ ਤੱਕਿਆ ਮਹੀਨਾ
ਜਿੱਥੇ ਡਾਢਾ ਤੀਰ ਵੱਜੇ-
ਕੁਝ ਵੀ ਜਿੰਦੜੀ ਨ ਕੱਜੇ।
ਨਾਲ ਸੱਚੜੇ ਯਕੀਨਾਂ
ਮਾਹੀਆ ਵੇਖ ਸਾਡਾ ਸੀਨਾ-
ਜ਼ਾਲਿਮ ਤੀਰਾਂ ਦਾ ਕੀਨਾ
ਸਾਡੇ ਸੀਸ ਉੱਤੇ ਸੱਜੇ-
ਰੂਹ ਸਬਰਾਂ ਨਾ ਰੱਜੇ ।
ਲੱਕ ਪਤਲੇ ਛੰਨਾਰਾਂ
ਵਿਚ ਝੰਗ ਦੀਆਂ ਬਾਰਾਂ
ਦੇਣ ਸ਼ੀਰੀਂ ਹਬਕਾਰਾਂ-
ਤੱਕੀਆਂ ਛੈਲ ਰਕਾਨਾਂ
ਸਿੱਕਦੇ ਲਾ-ਮਕਾਨਾਂ।
ਵਲ ਉਜੜੇ ਹੋਏ ਖੂਹਾਂ
ਆਉਣ ਘੁੰਮ ਘੁੰਮ ਲੂਆਂ
ਬਹਿਣ ਗੋਰਾਂ 'ਤੇ ਰੂਹਾਂ-
ਸੋਹਣੇ ਪਾਕ ਕੁਰਾਨਾਂ
ਵਾਰਾਂ ਯਾਰ ਤੋਂ ਜਾਨਾਂ ।
ਰੁਲੇ ਬੋਲ ਚੁੱਕ 'ਵਾਵਾਂ
ਗਲ ਲੰਮੀਆਂ ਝਨਾਵਾਂ
ਪਾਉਣ ਕੱਸ ਕੱਸ ਬਾਹਵਾਂ-
ਢੋਲ ਵੱਜੇ ਕੋਈ ਤੁੰਦ
ਸੁਣੇ ਧੂੜਾਂ ਓਹਲੇ ਰੁੰਗ।
ਘਿਰੀਆਂ ਝੱਖੜੀਂ ਬੂੰਦਾਂ
ਤਰੀਆਂ ਬ੍ਰਿਛਾਂ 'ਤੇ ਮੂੰਝਾਂ
ਆਉਣ ਰਾਹੀਆਂ ਨੂੰ ਊਂਘਾਂ-
ਡਾਢੇ ਅਰਸ਼ ਦੀ ਸੁੰਞ
ਰਹੀ ਏ ਜ਼ਿਮੀਂ ਨੂੰ ਸੁੰਘ !
ਟੁੱਟੀ ਪੱਤਣਾਂ 'ਤੇ ਵੰਗ
ਖੁਰਿਆ ਸੋਹਣੀ ਦਾ ਰੰਗ
ਕੋਈ ਨ ਸਕਿਆ ਲੰਘ-
ਕੱਚੇ ਘੜੇ ਦੀ ਵਾਰੀ
ਲਾ ਨ ਨੀਂਦ ਸੰਗ ਯਾਰੀ!
ਜ਼ਹਿਰਾਂ ਭਰੀਆਂ ਤਰੰਗ
ਰਾਂਝਾ ਮੁੜ ਆਇਆ ਝੰਗ
ਚਾਕਾਂ ਛੱਡਿਆ ਏ ਸੰਗ—
ਨੀਂਦਾਂ ਮਿੱਠੀਆਂ ਨੇ, ਵਾਰੀ !
ਪੀਲ੍ਹਾਂ ਪੱਕੀਆਂ ਦੀ ਖਾਰੀ।