ਬਲ਼ਦੇ ਸੀਨੇ ਠਾਰ ਵੀ ਹੁੰਦੀਆਂ
ਗੱਲਾਂ ਬੰਦੇ ਮਾਰ ਵੀ ਹੁੰਦੀਆਂ
ਦਿਸਣਾ ਫਿਰ ਵੀ ਏਹੋ ਕੁਝ ਸੀ
ਅੱਖਾਂ ਭਾਵੇਂ ਚਾਰ ਵੀ ਹੁੰਦੀਆਂ
ਕਈ ਰੂਹਾਂ ਨੇ ਇੱਕੋ ਵੇਲ਼ੇ
ਆਰ ਵੀ ਹੁੰਦੀਆਂ ਪਾਰ ਵੀ ਹੁੰਦੀਆਂ
ਜੇ ਮੌਜਾਂ ਤੇ ਸਭ ਦਾ ਹੱਕ ਸੀ
ਫਿਰ ਤੇ ਸਾਡੀ ਵਾਰ ਵੀ ਹੁੰਦੀਆਂ
ਪੱਗਾਂ ਸਭ ਦੀ ਇੱਜ਼ਤ ਨੇ ਪਰ
ਇੱਥੇ ਤਾਰੋ ਤਾਰ ਵੀ ਹੁੰਦੀਆਂ
ਕਈ ਗੱਲਾਂ ਜੋ ਮੰਡੀ ਵਿਚ ਸਨ
ਅੱਜ-ਕਲ੍ਹ ਰੱਬ ਦੇ ਘਾਰ ਵੀ ਹੁੰਦੀਆਂ
ਪੁੱਤਰ ਹੁੰਦੇ ਰੌਣਕ ਘਰ ਦੀ
ਧੀਆਂ ਹਾਰ ਸ਼ਿੰਗਾਰ ਵੀ ਹੁੰਦੀਆਂ
ਉਹ ਕਹਿੰਦਾ ਏ ਤੂੰ ਤੇ ਸ਼ੈਅ ਵੇਂ
ਸ਼ੈਵਾਂ ਤੇ ਬੇਕਾਰ ਵੀ ਹੁੰਦੀਆਂ
ਬਾਹਵਾਂ ਵੱਲੋਂ ਖ਼ੈਰ ਸੀ ‘ਸੰਧੂ’
ਜੇਕਰ ਗਲ਼ ਦਾ ਹਾਰ ਵੀ ਹੁੰਦੀਆਂ