ਕਾਲੀ ਰਾਤ ਬਲੂੰਗਾ ਵਿਲਕੇ 

ਮੈਨੂੰ ਨੀਂਦ ਆਏ 

ਨੀ ਮਾਏ ਮੇਰੀਏ

ਜਨਮ-ਦਿਹਾੜੇ ਥਣ ਦਾ ਬਿਰਹਾ 

ਕਿਹੜਾ ਬਾਲ ਹੰਢਾਏ

ਨੀ ਮਾਏ ਮੇਰੀਏ

ਨੀਂਦਲ ਰਾਤ ਪਸ਼ਮ ਦਾ ਪਿੰਡਾ 

ਕੌਣ ਝਰੀਟਾਂ ਪਾਏ

ਨੀ ਮਾਏ ਮੇਰੀਏ

ਇਸ ਦੁਨੀਆਂ ਵਿਚ ਜੋ ਕੋਈ ਆਏ 

ਬਿਰਹਾ ਭੋਗਣ ਆਏ

ਨੀ ਮਾਏ ਮੇਰੀਏ

ਤਾਹੀਉਂ ਬਾਂਝ ਪਈ ਮੇਰੀ ਕਾਇਆ 

ਤਿਲ ਤਿਲ ਸੁੰਞ ਹੰਢਾਏ 

ਨੀ ਮਾਏ ਮੇਰੀਏ

ਸੌਂ ਜਾ ਵੇ ਮੇਰਾ ਗੁੱਦੜ ਸੁੱਚਾ 

ਇਹਦੇ ਨਿੱਘ ਸੁਆਵਾਂ 

ਨੀ ਜਿੰਦ ਨਵੇਰੀਏ

ਵਿਲਕਣ ਤੇਰੀ ਛਿੱਟ ਅਗਨ ਦੀ 

ਜਿੰਦ ਪਰਾਲੀ ਪਾਵਾਂ

ਨੀ ਜਿੰਦ ਨਵੇਰੀਏ

ਔਂਤਰ ਗਈ ਚਿਰਾਂ ਤੋਂ ਲੋਰੀ

ਤੇਰੀ ਖ਼ਾਤਰ ਗਾਵਾਂ

ਨੀ ਜਿੰਦ ਨਵੇਰੀਏ

ਕੋਰੇ ਦੁੱਧ ਕਟੋਰੇ ਮੇਰੇ 

ਤੇਰੇ ਬੁੱਲ੍ਹ ਛੁਹਾਵਾਂ 

ਨੀ ਜਿੰਦ ਨਵੇਰੀਏ

ਏਸ ਬਹਾਨੇ ਕੁਝ ਮੈਂ ਵਰਚਾਂ 

ਕੁਝ ਤੈਨੂੰ ਵਰਚਾਵਾਂ 

ਨੀ ਜਿੰਦ ਨਵੇਰੀਏ

📝 ਸੋਧ ਲਈ ਭੇਜੋ