ਕਦੋਂ ਓਹ ਨਗਰੀ ਨੂੰ ਮੁੜਿਆ
ਬਨਬਾਸਾਂ ਤੋਂ ਜਾਕੇ ?
ਕਦੋਂ ਓਸਦੇ ਅੱਥਰੂ ਆਉਣਾ
ਉਮਰਾਂ ਦਾ ਗ਼ਮ ਖਾ ਕੇ ?
ਕਿਵੇਂ ਗਿਆ ਬਨਬਾਸਾਂ ਨੂੰ ਉਹ
ਇਹਤਾਂ ਰਾਜਾ ਜਾਣੇ,
ਅਸਾਂ ਤਾਂ ਕਿਸੇ ਵਿਜੋਗਣ ਨੈਣੀਂ
ਤੇਰਾਂ ਵਰ੍ਹੇ ਪਛਾਣੇ ।
ਸੁਣਿਆਂ ਉਸਦਾ ਦਰਦ ਡੂੰਘੇਰਾ
ਸੁਣਿਆਂ ਉਹ ਬਹੂੰ ਪਿਆਰਾ
ਕੋਈ ਆਖਦਾ ਸੋਗ ਓਸਦਾ,
ਪੀੜ ਉਪਾਵਨਹਾਰਾ ।
ਕਿਸੇ ਵੰਝਲੀਆਂ ਵਾਲੇ ਦੇ ਘਰ
ਚਾਕਰ ਰਹਿ ਉਹ ਪਲਿਆ,
ਕੁੱਲ ਸਾਂਵਲਾ ਦਰਸ ਓਸਦਾ
ਕਿਸੇ ਨਾਰ ਨ ਛਲਿਆ ।
ਸੁਣਿਆਂ ਉਸਦੀ ਕੁੱਲ ਜੁਆਨੀ
ਵਿਛੜਿਆਂ ਸੰਗ ਬੀਤੀ ।
ਸੁਣਿਆਂ ਉਹ ਤਾਂ ਮੋਇਆ ਜੀਂਦਾ
ਜ਼ਰਿਰ ਚਿਰਾਂ ਤੋਂ ਪੀਤੀ ।
ਜਗਤ ਦੇ ਪ੍ਰਿਯ ਦੇ ਸੰਗ ਗਾਵੇ,
'ਨਾਗ ਨਿਵਾਸਾਂ ਦੇ ਰਹਿਣਾ'
ਜੁਗਾਂ ਨ੍ਹੇਰ ਦੀ ਕਾਲੀ ਕੰਬਲੀ
ਤੇ ਮੌਤ ਸੰਗ ਬਹਿਣਾ ।
ਉਸ ਜੋਬਨ ਦਾ ਹਾਲ ਉਹ ਪੁੱਛਦਾ
ਉਸ ਵੇਲੇ ਜਿਸ ਆਉਣਾ,
ਵਾਰ ਅੰਤਲੀ ਸੰਞਾਂ ਵੇਲੇ
ਸੂਰਜ ਨੇ ਜਦ ਸੌਣਾ ।
ਆਥਣ ਵੇਲੇ ਵਿਚ ਵਣਾਂ ਦੇ
ਹਾਲ ਦੱਸੇ ਜਗ ਚਿਰ ਦਾ;
ਕਿਸ ਭੇਸ ਵਿਚ ਆਈ ਵੇਦਨਾ
ਭੇਦ ਜਾਣਦਾ ਫਿਰਦਾ ।
ਕਾਈ ਦਸਦੀ ਮੈਂ ਇਕ ਵਾਰੀ
ਜਾਂਦਾ ਗਲੀ ਬੁਲਾਇਆ,
ਰੋਗ ਅਵੱਲੜੇ ਵਾਲਾ ਸਾਜਨ
ਅੱਥਰੂ ਵਾਂਗ ਗੁਆਇਆ ।
ਕਹਿੰਦਾ ਉਹ "ਮੈਂ ਨ੍ਹੇਰ ਓਸਦੀ
ਗਲੀ 'ਚ ਕੌਲ ਨਿਭਾਣਾ;
ਜਦੋਂ ਕਦੇ ਸੂਰਜ ਆਸਮਾਨੋ
ਮੌਤ ਨਾਲ ਬੁਝ ਜਾਣਾ" ।
ਸਾਰੇ ਜੱਗ ਤੋਂ ਪਿਆਸਾ ਬੰਦਾ
ਥਲਾਂ ਦਾ ਵੀਰ ਪਿਆਰਾ,
ਕਹਿਣ ਲੱਗਿਆ ਖੂਹ ਤੇ ਆ ਕੇ
"ਨੈਣ ਭਰੇ ਜੱਗ ਸਾਰਾ" ।