ਦੋ ਸਾਲਾਂ ਦੇ ਐਰੀ ਨੂੰ
ਮੈਂ ਲੈਨਜ਼ ਚੋਂ ਦੇਖਦਾਂ- ਵੱਡਾ ਕਰਕੇ
ਪੂਰੇ ਆਦਮੀ ਦੀ ਸ਼ਕਲ ਵਿੱਚ
ਵਾਰ ਵਾਰ ਪੌੜੀਆਂ ਚੜ੍ਹਦਾ ਹੈ
ਉਤਰ ਜਾਂਦਾ ਹੈ
ਚੜ੍ਹਦਾ ਹੈ, ਉਤਰ ਜਾਂਦਾ ਹੈ
ਤਿੰਨ ਪਹੀਆਂ ਵਾਲੀ ਗੱਡੀ ਦੇ
ਚੱਕਰ ਲਵਾਉਂਦਾ ਹੈ
ਨਿੱਕੀ ਜਿਹੀ ਗੱਲ ਤੇ ਰੁੱਸ ਜਾਂਦਾ ਹੈ
ਐਵੇਂ ਜਿਹੇ ਹੱਸ ਪੈਂਦਾ ਹੈ
ਆਪਣੇ ਆਪ ਨਾਲ ਗੱਲਾਂ ਕਰਦਾ ਹੈ
ਗੰਨ ਨਾਲ ਫਾਇਰ ਕਰਦਾ ਹੈ
ਉਹ ਆਪਣੀ ਦੁਨੀਆ ਦਾ
ਸੁਤੰਤਰ ਬਾਦਸ਼ਾਹ ਹੈ
ਕੁੱਤੇ ਅਤੇ ਬਿੱਲੀਆਂ ਨੂੰ ਦੇਖਣਾ
ਉਸਦਾ ਸ਼ੌਕ ਹੈ
ਉਹ ਸੜਕ ਤੋਂ ਲੰਘਦੇ
ਹਰ ਟਰੱਕ ਨੂੰ ਦੇਖਕੇ
ਹੈਰਾਨ ਹੁੰਦਾ ਹੈ
ਤੇ ਮੁੜ ਮੁੜ ਦੇਖਦਾ ਹੈ
ਉਸ ਨੂੰ ਗੁਬਾਰੇ ਅੱਛੇ ਲੱਗਦੇ ਹਨ
ਉਹ ਆਪਣੀ ਤਰਾਂ ਦਾ
ਪੁਲਾੜ ਖੋਜੀ ਹੈ
ਦੂਰ ਅਸਮਾਨ ਵਿੱਚ ਬੈਠਾ ਕੋਈ ਦੇਵਤਾ
ਮੈਨੂੰ ਦੇਖ ਰਿਹਾ ਹੈ
ਟੈਲੀਸਕੋਪ ਰਾਹੀਂ
ਜਿਸ ਵਿੱਚ ਮੈਂ ਦੋ ਸਾਲ ਦੇ ਐਰੀ ਜਿੰਨਾ ਲੱਗਦਾ ਹਾਂ
ਰੋਜ਼
ਘਰ ਦੀਆਂ ਪੌੜੀਆਂ ਉਤਰਦਾ ਹਾਂ
ਦਫਤਰ ਦੀਆਂ ਚੜ੍ਹਦਾ ਹਾਂ
ਕੰਪਿਊਟਰ ਨਾਲ ਖੇਡਦਾ ਹਾਂ
ਭੰਬੀਰੀ ਵਾਂਗ ਕਾਰ ਚਲਾਉਂਦਾ ਹਾਂ
ਰਿਸ਼ਤਿਆਂ ਨਾਲ ਖੇਡਦਾ ਹਾਂ
ਖਿਡੌਣਿਆਂ ਵਾਂਗ
ਕੋਈ ਖਬਰ ਸੁਣਕੇ ਖੁਸ਼ ਹੋ ਜਾਂਦਾ ਹਾਂ
ਕੋਈ ਬੋਲ ਸੁਣਕੇ ਉਦਾਸ
ਨਵੇਂ ਲੋਕਾਂ ਨੂੰ ਮਿਲਣ ਵੇਲੇ
ਉਤੇਜਿਤ ਹੋ ਜਾਂਦਾ ਹਾਂ
ਰੱਬ ਦੇ ਖਿਡੌਣਿਆਂ ਨੂੰ ਖੋਲ੍ਹ ਖੋਲ੍ਹ ਕੇ
ਮੈਂ ਗਿਆਨ ਲੱਭ ਰਿਹਾ ਹਾਂ
ਭਾਵਨਾਵਾਂ ਨੂੰ ਚੌਕਲੇਟ ਵਾਂਗ ਖਾਂਦਾ ਹਾਂ
ਤ੍ਰਿਪਤ ਹੋਣ ਦੀ ਕੋਸ਼ਿਸ਼ ਕਰਦਾਂ
ਕੋਕ ਦੀ ਬੋਤਲ ਦੇਖਕੇ
ਐਰੀ ਨੂੰ ਵੀ ਕੁੱਝ ਹੁੰਦਾ ਹੈ ਤੇ ਮੈਨੂੰ ਵੀ
ਐਰੀ ਵੀ ਖੇਡਾਂ ਦੇਖਦਾ ਹੈ
ਮੈਂ ਵੀ
ਮੇਰੇ ਤੇ ਦੋ ਸਾਲ ਦੇ ਐਰੀ ਵਿੱਚ
ਕੀ ਫਰਕ ਹੈ ਭਲਾ?
ਸਿਰਫ ਸਾਈਜ਼ ਦਾ
ਕੀ ਅਸੀਂ ਸੱਚਮੁੱਚ ਵੱਡੇ ਹੁੰਦੇ ਹਾਂ?