ਬੰਦਾ ਬੜਾ ਖ਼ਾਸ ਆਂ

ਬੰਦਾ ਬੜਾ ਖ਼ਾਸ ਆਂ, ਦਾਹ ਜਮਾਤਾਂ ਪਾਸ ਆਂ

ਨੌਕਰੀ ਨਾ ਲੱਭਦੀ, ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

ਨੌਕਰੀ ਨਾ ਲੱਭਦੀ ਮੈਂ ਮਿੰਨਤ ਕੀਤੀ ਸਭ ਦੀ

ਰਿਸ਼ਵਤਾਂ ਸਿਫ਼ਾਰਸ਼ਾਂ ਤੇ ਲੋੜ ਪੈ ਗਈ ਰੱਬ ਦੀ

ਪੈਸੇ ਤੋਂ ਬਗ਼ੈਰ ਹੱਜ ਤਸਬੀਹ ਨਾ ਫੱਬਦੀ

ਰੋਂਦੀ ਪਰਹੇਜ਼ਗਾਰੀ ਨੇਕੀ ਫਿਰੇ ਯੱਭਦੀ

ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

ਕੈਰੀਅਰ ਬਨਾਣਾ ਮੈਂ ਭੈਣ ਨੂੰ ਵਿਆਹਣਾ ਮੈਂ

ਮਿਲ ਜਾਏ ਨੌਕਰੀ ਤੇ ਸੂਟ ਵੀ ਸਿਵਾਣਾ ਮੈਂ

ਦੇਣੀ ਨਿਆਜ਼ ਨਾਲੇ ਪੀਰ ਨੂੰ ਮਨਾਣਾ ਮੈਂ

ਬੜੇ ਮਾਂ ਬਾਪ ਨੂੰ ਹੱਜ ਵੀ ਕਰਾਣਾ ਮੈਂ

ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

ਗਵਾਂਢੀਆਂ ਦਾ ਮੁੰਡਾ ਕੱਲ੍ਹ ਚਲਿਆ ਬਰ੍ਹੀਨ

ਇਕ ਦਿਨ ਮੈਂ ਵੀ ਜਾਸਾਂ ਮਾਂ ਨੂੰ ਯਕੀਨ

ਚੰਗਾ ਤੇਲ ਪਏ ਬੰਦਾ ਰੱਬ ਦੀ ਮਸ਼ੀਨ

ਬਾਹਰ ਜਾ ਕੇ ਕੁਝ ਕਰਾਂ ਕੇਹੜੀ ਇਹ ਤੌਹੀਨ

ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

ਲੱਭ ਗਈ ਤਹਿਸੀਲਦਾਰੀ ਲੰਬੜਾਂ ਦੇ ਮੁੰਡੇ ਨੂੰ

ਵੇਚ ਸ਼ਰਾਬ ਲੱਭੀ ਰੋਜ਼ੀ ਸ਼ੀਹਦੇ ਗੁੰਡੇ ਨੂੰ

ਸੋਹਣੀ ਨਾਰ ਲੱਭ ਗਈ ਬਾਹਰੋਂ ਆਏ ਟੁੰਡੇ ਨੂੰ

ਤਾਣ ਦਾ ਚਾਦਰਾਂ ਲਵਾਂਦਾ ਫਿਰੇ ਕੁੰਡੇ ਨੂੰ

ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

ਨਿੱਕੇ ਭੈਣ ਭਾਈ ਜਦੋਂ ਪੈਸੇ ਮੈਥੋਂ ਮੰਗਦੇ

ਯਾਰ ਤੇ ਭਰਾ ਮੈਥੋਂ ਉਹਲੇ ਹੋ ਕੇ ਲੰਘਦੇ

ਦੁੱਖਾਂ ਦਿੱਤੀ ਕੰਡ ਵੇ ਤੇ ਸੁਖ ਵੀ ਤੇ ਸੰਗਦੇ

ਦਫ਼ਤਰਾਂ ਦੇ ਬੂਹੇ ਮੈਨੂੰ ਸੱਪਾਂ ਵਾਂਗੂੰ ਡੰਗਦੇ

ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

ਰਹਿਨਾਂ ਭਰਾਵਾਂ ਨਾਲ਼ ਆਪ ਮੈਂ ਬੇਕਾਰ ਆਂ

ਨੌਕਰੀ ਦੀ ਲਾਰ ਅਤੇ ਖਾਨਾਂ ਮੈਂ ਉਧਾਰ ਆਂ

ਤੰਗੀ ਦਾ ਗੁਆਂਢੀ ਆਂ ਤੇ ਫ਼ਾਕਿਆਂ ਦਾ ਯਾਰ ਆਂ

ਧਰਤੀ ਲਈ ਬੋਝ ਆਂ ਤੇ ਜ਼ਿੰਦਗੀ ਲਈ ਭਾਰ ਆਂ

ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

ਮਾਂ ਆਖੇ ਪੈਲਾਂ ਪਾਂਦੀ ਘਰ ਤੀਜੀ ਮੋਰਨੀ

ਥੋੜ੍ਹਾ ਦਾਜ ਦੇ ਕੇ ਮੈਂ ਤੇ ਘਰੋਂ ਨਹੀਓਂ ਟੋਰਨੀ

ਤਾਹਨਿਆਂ ਦੇ ਨਾਲ਼ ਉਹਦੀ ਜਿੰਦ ਨਹੀਓਂ ਖੋਰਨੀ

ਪੈਰਾਂ ਥੱਲੇ ਵਾਲ਼ ਹੁੰਦੇ ਸਾਡੇ ਕਿਹੜੇ ਜ਼ੋਰ ਨੀ

ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

ਦਾਉਣੀ ਟਿੱਕਾ, ਸੋਨੇ ਦੀਆਂ ਮੰਗਦੇ ਨੇ ਚੂੜੀਆਂ

ਬੋਤਲਾਂ ਤੇ ਚਾਹ ਨਾਲ਼ ਖਾਂਦੇ ਜਾਂਦੇ ਪੂੜੀਆਂ

ਖਾਂਦੇ ਜਾਂਦੇ ਪੂੜੀਆਂ ਤੇ ਮਿੱਥੇ ਤੇ ਤਿਊੜੀਆਂ

ਬੰਦੇ ਨਾ ਸੰਗੂੜੇ ਗੱਲਾਂ ਕਰਨ ਨਾ ਸੰਗੂੜੀਆਂ

ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

ਬਿੱਟ ਬਿੱਟ ਵੇਂਹਦੇ ਨੇ ਮਕਾਨ ਦੀਆਂ ਬਾਰੀਆਂ

ਵੀ ਸੀ ਆਰ, ਟੀ ਵੀ, ਟੇਪ, ਗਿਣਨ ਅਲਮਾਰੀਆਂ

ਨੱਕਾਂ ਨੂੰ ਚੜ੍ਹਾਣ ਵੇਖ ਸੋਫ਼ੇ ਦੀਆਂ ਧਾਰੀਆਂ

ਖ਼ੈਰ ਰੱਬਾ ਸੋਫ਼ੇ ਦੀ ਜ਼ਨਾਨੀਆਂ ਨੇ ਭਾਰੀਆਂ

ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

ਬੜੇ ਅਤੇ ਬਹੂਆਂ ਮੈਨੂੰ ਹੀਰੋ ਹੀਰੋ ਆਖਦੇ

ਮਿੱਠੀ ਖੀਰ ਖਾਵਾਂ ਮੈਨੂੰ ਖੀਰੋ ਖੀਰੋ ਆਖਦੇ

ਖ਼ਰਚੇ ਦੇ ਵੱਲੋਂ ਮੈਨੂੰ ਜ਼ੀਰੋ ਜ਼ੀਰੋ ਆਖਦੇ

ਨਾਂ ਵੇ ਫ਼ਕੀਰ ਹੁਸੈਨ ਫੀਰੋ ਫੀਰੋ ਆਖਦੇ

ਏਸ ਲਈ ਉਦਾਸ ਆਂ

ਬੰਦਾ ਬੜਾ ਖ਼ਾਸ ਆਂ

📝 ਸੋਧ ਲਈ ਭੇਜੋ