ਬੰਦਾ ਬੰਦੇ ਨੂੰ ਕਦੇ ਨਹੀਂ ਜਾਣ ਸਕਦਾ,
ਮਸਤਕ ਉਹਦੇ ਪਿੱਛੇ ਕੀ ਚੱਲੀ ਜਾਂਦਾ।
ਤੁਸੀਂ ਸਿਰਫ਼ ਉਸ ਨੂੰ ਏਨਾ ਜਾਣਦੇ ਹੋ,
ਜਿੰਨਾ ਆਪਣੇ ਬਾਰੇ ਉਹ ਦੱਸੀ ਜਾਂਦਾ।
ਤੁਸੀਂ ਇਸ ਲਈ ਇਹ ਨਹੀਂ ਕਹਿ ਸਕਦੇ,
ਅਸੀਂ ਓਸ ਨੂੰ ਚੰਗੀ ਤਰਾਂ ਜਾਣਦੇ ਹਾਂ।
ਉਹਦੀਆਂ ਚੰਗੀਆਂ-ਮੰਦੀਆਂ ਕਰਤੂਤਾਂ,
ਦੂਰੋਂ ਵੇਖ ਕੇ ਓਨਾ ਨੂੰ ਮਾਣਦੇ ਹਾਂ।
ਦੱਸਣ ਵਾਸਤੇ ਦਿਲ ਵਿੱਚ ਕੀ ਉਹਦੇ,
ਉਹਦੇ ਸਾਰੇ ਇਰਾਦਿਆਂ ਨੂੰ ਵਾਚਦੇ ਹੋ।
ਸਮਝਣ ਲਈ ਉਸ ਨੂੰ ਮਿੰਟ ਤੋਂ ਪਹਿਲਾਂ
ਕਾਰਸਤਾਨੀਆਂ ਉਸ ਦੀਆਂ ਮਾਪਦੇ ਹੋ।
ਝੂਠੇ ਦਾਅਵੇ ਕਿ ਸਰਬ ਨੂੰ ਜਾਣਦੇ ਹੋ,
ਉਹਦੇ ਸੀਨੇ ਵਿੱਚ ਕਿੰਨੇ-ਕਿੰਨੇ ਰਾਜ਼ ਦੱਬੇ।
ਕਿੰਨੇਂ ਪਿਆਰ ਕਰਕੇ ਉਸ ਨੂੰ ਜ਼ਖ਼ਮ ਦਿੱਤੇ,
ਕਿੰਨਾ ਕਾਰਨਾਂ ਕਾਰਨ ਉਸਨੇ ਸਭ ਛੱਡੇ।
ਨਹੀਂ ਦੱਸ ਸਕਦੇ, ਛੱਡ ਦਿਓ ਦਾਅਵੇ,
ਆਪਾਂ ਝੂਠੇ ਦਾਅਵੇ ਨਹੀਂ ਮਾਣ ਸਕਦੇ।
ਬੰਦਾ ਦੱਸੇ ਜਿੰਨਾਂ ਓਨਾ ਜਾਣਦੇ ਹਾਂ,
ਸੀਨੇ ਰਾਜ਼ ਦੱਬੇ, ਕਦੇ ਨਹੀਂ ਜਾਣ ਸਕਦੇ।
ਸੋਨਾ ਪਰਖਣਾ ਹੋਵੇ ਅੱਗ ਵਿੱਚ ਪਾ ਦਿਓ,
ਮਸਤਕ ਨਾਲ਼ਦੇ ਦਾ ਕਦੇ ਨਹੀਂ ਪੜ੍ਹ ਸਕਦੇ।
ਕੁਦਰਤ ਸਮਝਣੀ ਬੰਦੇ ਲਈ ਬਹੁਤ ਔਖੀ,
ਬੰਦੇ ਕੁਦਰਤ ਨਾਲ ਕਦੇ ਨਹੀਂ ਲੜ ਸਕਦੇ।