ਬੰਦੇ ਜਿਹੜੇ ਬੰਦੇ ਬੇਦਸਤੂਰੇ

ਬੰਦੇ ਜਿਹੜੇ ਬੰਦੇ ਬੇਦਸਤੂਰੇ ਨੇ

ਮੂਰਖ਼ ਨੇ ਅਕਲੋਂ ਨਾ ਹੁੰਦੇ ਪੂਰੇ ਨੇ

ਝੂਠੇ ਮਾਨਣ ਰਾਜ ਹਮੇਸ਼ਾ ਧਰਤੀ ਤੇ,

ਸੱਚੀਆਂ ਆਖਣ ਵਾਲੇ ਖਾਂਦੇ ਹੂਰੇ ਨੇ

ਡਰਦੀ ਮਾਰੀ ਫੇਰ ਹਿਆਤੀ ਕੰਬ ਗਈ,

ਕਲਜੁਗ ਦੇ ਮੁੜ ਨੰਗੇ ਸਾਏ ਘੂਰੇ ਨੇ

ਵਾਹਵਾ ਤੇਰੀ ਕੁਦਰਤ ਸ਼ਾਨਾਂ ਵਾਲੜਿਆ,

ਲੰਬੀਆਂ ਲੰਬੀਆਂ ਕਾਰਾਂ ਵਿਚ ਕਤੂਰੇ ਨੇ

ਸ਼ਾਮਾਂ ਫ਼ਜਰਾਂ ਰਹੀਆਂ ਹੁੱਜਾਂ ਮਾਰਦੀਆਂ,

ਸਿਰ ਤੇ ਸੂਰਜ ਮਾਰੇ ਬੜੇ ਘੰਗੂਰੇ ਨੇ

ਮਜ੍ਹਮੇ ਲਾ ਕੇ ਮੇਲੇ ਲੁੱਟੀ ਜਾਂਦੇ ਨੇ,

ਚਾਤਰ ਹੈਣ ਮਦਾਰੀ ਸ਼ੌਖ਼ ਜਮੂਰੇ ਨੇ

ਵੇਲੇ ਦੀ ਰਫ਼ਤਾਰ ਨੂੰ ਫਾਹੀਆਂ ਪਾਣ ਪਏ,

ਬਣੇ ਸ਼ਰੀਕ ਖ਼ੁਦਾ ਦੇ ਕੱਕੇ ਬੂਰੇ ਨੇ

ਜਿਨ੍ਹਾਂ 'ਸ਼ਾਕਿਰ'ਨਾਲ ਨਾ ਅੱਖ ਮਿਲਾਣੀ ਏ,

ਉਹੋ ਰਿੰਦ ਵਿਚਾਰੇ ਅਜੇ ਅਧੂਰੇ ਨੇ

📝 ਸੋਧ ਲਈ ਭੇਜੋ