ਤੇਰੀ ਸਰਕਾਰੇ ਇਹ ਕਲੋਲ ਚੰਗੀ ਨਈ।
ਬਲਾਤਕਾਰੀਆਂ ਨੂੰ ਪਰੋਲ ਚੰਗੀ ਨਈ।
ਕਦੋਂ ਤੱਕ ਸਾਡੇ ਤੇ ਜ਼ੁਲਮ ਢਾਉਣਗੇ?
ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
ਪੱਗਾਂ ਵਾਲਿਆਂ ਦਾ ਕੀ ਕਸੂਰ ਦੱਸਦੇ।
ਸਾਥੋਂ ਇਨਸਾਫ਼ ਕਾਹਤੋਂ ਦੂਰ ਦੱਸਦੇ।
ਕਦੋਂ ਸਾਡੇ ਹੱਕ ਵਿੱਚ ਨਾਹਰਾ ਲਾਉਣਗੇ?
ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
ਕਾਲਿਆਂ ਤੋਂ ਵਾਲ਼ ਸਾਡੇ ਬੱਗੇ ਹੋ ਗਏ।
ਤੇਰੇ ਕੋਲੀ ਚੱਟ ਸੀ ਜੋ ਅੱਗੇ ਹੋ ਗਏ।
ਕਦੋਂ ਤੱਕ ਸਾਡੀ ਅਲਖ ਮਕਾਉਣਗੇ?
ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
ਕਰ ਗਏ ਨੇ ਸਿੰਘ ਤਾਂ ਸਜ਼ਾਵਾਂ ਪੂਰੀਆਂ।
ਫਿਰ ਵੀ ਡਰਾਂਵੇ ਨੀਂ ਤੂੰ ਲੈ-ਲੈ ਘੂਰੀਆਂ।
ਕਦੋਂ ਤੱਕ ਰੋੜ ਦਾਲਾਂ ਚ ਖਵਾਉਣੇ?
ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
ਸਾਡੇ ਹਿੱਸੇ ਕਾਸਤੋਂ ਏ ਜੇਲ੍ਹਾਂ ਆਉਦੀਆਂ?
ਸਾਡੀ ਹੀ ਜਵਾਨੀ ਕਾਸਤੋਂ ਮਕਾਉਦੀਆਂ?
ਕਦੋਂ ਤੱਕ ਨਾਮ ਅਸਾਂ ਨੂੰ ਮਿਟਾਉਣਗੇ?
ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
ਦੱਸ ਤੈਨੂੰ ਇਹਨਾਂ ਕੋਲੋ ਕਾਹਦਾ ਖਤਰਾ?
ਜੀਹਦੇ ਪਿੱਛੇ ਲੱਗੀ ਏਂ ਉਹ ਬਾਹਲਾ ਚਤਰਾ।
ਕਦੋਂ ਤੱਕ ਜ਼ਹਿਰਾਂ ਘੋਲਕੇ ਪਿਆਉਣਗੇ?
ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?
ਲਈਦਾ ਨੀਂ ਹੁੰਦਾ ਬਾਹਲਾ ਅੰਤ ਹਾਕਮਾਂ।
ਕਦੋਂ ਫਿਰ ਜੰਮ ਪਏ ਬੇਅੰਤ ਹਾਕਮਾਂ।
ਸੱਤੇ ਨਾਲ ਤੂਰ ਮਹਿਤਾਬ ਗਾਉਣਗੇ।
ਬੰਦੀ ਸਿੰਘ ਕਦੋਂ ਜੇਲ੍ਹੋਂ ਬਾਹਰ ਆਉਣਗੇ?