ਬਣਦੀ-ਟੁੱਟਦੀ, ਟੁੱਟਦੀ-ਬਣਦੀ

ਬਣਦੀ-ਟੁੱਟਦੀ, ਟੁੱਟਦੀ-ਬਣਦੀ ਇੱਕ ਸਰਕਾਰ ਚੁਬਾਰੇ ਵਿਚ । 

ਜੋੜੇ-ਮੋੜੇ-ਤੋੜੇ ਜਾਂਦੇ ਸੌ ਇਕਰਾਰ ਚੁਬਾਰੇ ਵਿਚ

ਸਾਥੋਂ ਆਪਣੇ ਵਿਹੜੇ ਅੰਦਰ ਇਕ ਨਾ ਫੁੱਲ ਉਗਾ ਹੋਵੇ, 

ਸੱਦਣ ਵਾਲੇ ਸੱਦ ਲੈਂਦੇ ਨੇ ਮਸਤ-ਬਹਾਰ ਚੁਬਾਰੇ ਵਿਚ । 

'ਉਰਦੂ ਸਰਵਿਸ' ਸੁਣਦਾ ਹੈ ਉਹ ਚਿੱਠੀਆਂ ਲਿਖਦੈ ਪਿਆਰ ਦੀਆਂ, 

ਘਰ ਵਾਲੇ ਉਹ ਸਮਝਣ ਪੜ੍ਹਦੈ ਬਰਖੁਰਦਾਰ, ਚੁਬਾਰੇ ਵਿਚ । 

ਹੇਠਾਂ ਵਾਲੇ ਅਕਸਰ ਇਸਦਾ ਸ਼ਿਕਵਾ ਕਰਦੇ ਰਹਿੰਦੇ ਨੇ, 

ਉੱਪਰ ਵਾਲੇ ਨੇ ਪਹੁੰਚਾਏ ਸਭ ਅਧਿਕਾਰ ਚੁਬਾਰੇ ਵਿਚ । 

ਮੇਰੀ ਪਿਆਰ-ਨਿਸ਼ਾਨੀ ਉਸ ਨੇ ਮੇਰੇ ਪੈਰੀਂ ਇਉਂ ਸੁੱਟੀ, 

ਸੁੱਟਣ ਵਾਲਾ ਸੁੱਟ ਦਿੰਦਾ ਹੈ ਜਿਉਂ ਅਖ਼ਬਾਰ ਚੁਬਾਰੇ ਵਿਚ । 

ਵਿਹੜੇ ਅੰਦਰ ਸੁੱਤੇ ਹੋਏ ਲੋਕੀਂ ਇਹ ਨਾ ਜਾਣ ਸਕੇ, 

ਬਿਜਲੀ ਚਮਕੀ ਤੇ ਮੀਂਹ ਵਰ੍ਹਿਆ ਮੋਹਲੇਧਾਰ ਚੁਬਾਰੇ ਵਿਚ । 

ਨਟਖਟ-ਪੌਣਾਂ ਬੂਹੇ ਉੱਤੇ ਦਸਤਕ ਦੇ ਕੇ ਮੁੜ ਗਈਆਂ, 

'ਇਕਵਿੰਦਰ' ਜੀ ਤੱਕਦੇ ਰਹਿ ਗਏ ‘ਚਿੱਤਰਹਾਰ' ਚੁਬਾਰੇ ਵਿਚ

📝 ਸੋਧ ਲਈ ਭੇਜੋ