ਬਣੇ ਖ਼ੁਦਾ ਨੇ ਪੱਥਰ ਸ਼ਹਿਰ ਦੀ ਜੂਹ ਅੰਦਰ।
ਰੁਲਦੇ ਫਿਰਦੇ ਅੱਖਰ ਸ਼ਹਿਰ ਦੀ ਜੂਹ ਅੰਦਰ।
ਕਿੱਥੇ ਜਾਵਣ ਭੋਲੇ-ਭਾਲੇ ਇਹ ਇਨਸਾਨ
ਥਾਂ ਥਾਂ ਮਸਜਿਦ ਮੰਦਰ ਸ਼ਹਿਰ ਦੀ ਜੂਹ ਅੰਦਰ।
ਲਿਸ਼ਕੇ ਪੁਸ਼ਕੇ ਜਿਸਮਾਂ ਦੇ ਮਨਮੋਹਣੇ ਮਹਿਲ
ਰੂਹਾਂ ਦੇ ਨੇ ਖੰਡਰ ਸ਼ਹਿਰ ਦੀ ਜੂਹ ਅੰਦਰ।
ਲੂਣ ਤੇਲ ਦੀ ਬਾਜ਼ੀ ਜਿੱਤ ਕੇ ਬਣੇ ਮਹਾਨ
ਘਰ ਘਰ ਕਈ ਸਿਕੰਦਰ ਸ਼ਹਿਰ ਦੀ ਜੂਹ ਅੰਦਰ।
ਉਚੇ ਬੰਗਲੇ, ਦੌਲਤ, ਰੁਤਬੇ, ਵੱਡੇ ਲੋਕ
ਨਿੱਕੇ ਨਿੱਕੇ ਅੰਬਰ ਸ਼ਹਿਰ ਦੀ ਜੂਹ ਅੰਦਰ।
ਨਾ ਸੁਪਨੇ, ਨਾ ਰੀਝਾਂ ਤੇ ਨਾ ਰੰਗ ਤਰੰਗ
ਵਿਛੇ ਮਨਾਂ ਵਿਚ ਸੱਥਰ ਸ਼ਹਿਰ ਦੀ ਜੂਹ ਅੰਦਰ।
ਸਿੱਧੇ ਚਲਦੇ ਚਲਦੇ ਰਾਹੀ ਭਟਕ ਗਏ
ਆਏ ਏਨੇ ਰਹਿਬਰ ਸ਼ਹਿਰ ਦੀ ਜੂਹ ਅੰਦਰ।
ਪੈਰਾਂ ਦੀ ਥਾਂ ਲੋਕੀਂ ਤੁਰਦੇ ਸਿਰ ਦੇ ਭਾਰ
ਦੇਖੇ ਕੀ ਕੀ ਮੰਜ਼ਰ ਸ਼ਹਿਰ ਦੀ ਜੂਹ ਅੰਦਰ।
ਸ਼ਾਇਰ ਦੇ ਤਾਂ ਕੋਮਲ ਜਜ਼ਬੇ, ਕੋਮਲ ਮਨ
ਲੋਕ ਨਿਰੇ ਨੇ ਪੱਥਰ ਸ਼ਹਿਰ ਦੀ ਜੂਹ ਅੰਦਰ।