ਬਣਕੇ ਪਾਣੀ ਪਾਣੀ ਰਾਤ।
ਲੰਘੀ ਅੱਖਾਂ ਥਾਣੀ ਰਾਤ।
ਖ਼ਾਬ 'ਚ ਆਇਆ ਹਾਣੀ ਰਾਤ ।
ਲੱਗੀ ਬਹੁਤ ਸੁਹਾਣੀ ਰਾਤ।
ਤੂੰ ਸੈਂ ਤਾਂ ਸ਼ਿਵਰਾਤਾਂ ਸਨ
ਫੇਰ ਕਦੇ ਨਹੀਂ ਮਾਣੀ ਰਾਤ ।
ਸੁੱਖਾਂ ਭਰਿਆ ਤੇਰਾ ਦਿਨ
ਮੇਰੀ ਦਰਦ-ਕਹਾਣੀ ਰਾਤ।
ਤੇਰੇ ਸਾਹਾਂ ਵਿਚ ਘੁਲ ਕੇ
ਮਹਿਕੀ ਰਾਤ ਦੀ ਰਾਣੀ ਰਾਤ।
ਦਿਨ ਸੀ ਹਿਜਰ ਦਾ ਪਰਬਤ ਵਾਂਗ
ਬੈਠੀ ਤੰਬੂ ਤਾਣੀ ਰਾਤ।
ਵਿਛੜੇ ਯਾਰ ਮਿਲਾਂਉਦੀ ਹੈ
ਖ਼ਾਬਾਂ ਦੇ ਵਿਚ ਮਾਣੀ ਰਾਤ।
ਸੁਪਨੇ ਸੁਪਨਾ ਹੋਏ ਨੇ
ਆਈ ਖਸਮਾਂ-ਖਾਣੀ ਰਾਤ ।
ਨ੍ਹੇਰ ਮਚਾਇਆ ਜ਼ੁਲਫਾਂ ਨੇ
ਹੋਈ ਪਾਣੀ ਪਾਣੀ ਰਾਤ।
ਜੋ ਹਾਣੀ ਦੇ ਨਾਲ ਗਈ
ਰੱਬਾ ਭੇਜ ਪੁਰਾਣੀ ਰਾਤ ।
ਬੇਦਰਦਾਂ ਬਿਨ 'ਹਮਦਰਦਾ'
ਅੱਖਾਂ ਦੇ ਵਿਚ ਛਾਣੀ ਰਾਤ।