ਇਕ ਪੱਤੇ ਦੀ ਜਾਨ ਨਪੀੜੀ 

ਲੱਖ ਸੂਰਜਾਂ ਬਲ ਕੇ, 

ਡੂੰਘੀ 'ਵਾਜ ਧਸੀ ਵਿਚ ਪੌਣਾਂ 

ਲੱਖ ਨਦੀਆਂ ਸੰਗ ਰਲ ਕੇ।

ਇਕ ਕਿਰਨ ਨੈਣ ਦੀ ਕੰਬੀ 

ਜਾਨ ਜ਼ਿਮੀਂ ਦੀ ਫੜ ਕੇ,

ਇਕ ਕਣ ਹਰਿਆਵਲ ਦਾ ਬਲਿਆ

ਭੇਦ ਗਗਨ ਦੇ ਚੜ੍ਹ ਕੇ।

ਪਹਿਣ ਪੁਸ਼ਾਕ ਫ਼ਜਰ ਦੀ ਯਾਰਾਂ 

ਕਰੀ ਜ਼ੁਲਫ਼ ਤੇ ਲੋਇ,

ਕੁਲ ਪਤਾਲ ਖ਼ੰਜਰ ਦੇ ਜਿੱਥੇ 

ਚੁੰਮ੍ਹ ਨਿਗਾਹ ਨੂੰ ਰੋਇ।

ਤੇਜ਼ ਧਾਰ ਚਰਖ਼ ਦੀ ਫਾਸੀ 

ਮੁੱਠੀਏਂ ਭੱਠ ਤਪਾਣੀ, 

ਮਹਿੰਦੀ-ਤਲੀਆਂ ਤੋਂ ਜ਼ੁਲਫ਼ਾਂ ਤਕ 

ਬਨਬਾਸਾਂ ਦੇ ਪਾਣੀ।

ਸ਼ਾਂਤ ਸੁਬਕ ਸਾਹਾਂ ਦੇ ਰਣ ਵਿਚ 

ਸਿੰਧ ਸਿਤਾਰੇ ਝੋਕੇ;

ਨਦੀਆਂ ਦੇ ਘਮਸਾਨ ਹਜ਼ਾਰਾਂ

ਕਤਰੇ ਦੇ ਵਿਚ ਰੋਕੇ।

ਸ਼ਾਂਤ ਸੁਬਕ ਸਾਹਾਂ ਦਾ ਭਵਜਲ

ਲੱਗ ਫ਼ਜਰਾਂ ਗਲ ਰੁੰਨਾ, 

ਨਾਭ ਦੁਆਲੇ ਚਰਖ਼ ਨੂਰਾਨੀ 

ਪੈੜ ਯੁਗਾਂ ਵਿਚ ਸੁੰਨਾ।

ਭਵਜਲ ਖ਼ੂਨ ਗਜ਼ਬ ਵਿਚ ਗਰਜੇ 

ਲੋਹ-ਜੀਭਾਂ ਫੈਲਾਈਆਂ,

ਇਕ ਕਤਰੇ ਦੇ ਰੁਸ ਜਾਵਨ 'ਤੇ 

ਹਸ਼ਰਾਂ ਰੋਵਨ ਆਈਆਂ।

ਭਵਜਲ ਕਾਲਿ ਨਿਮਾਣੀ ਥਰਕਣ 

ਲੋਹ-ਕੋਟਾਂ ਵਿਚ ਖੋਈ, 

ਰੁਲ ਬਨਬਾਸ ਗਏ ਸ਼ਮਸ਼ੀਰੀਂ 

ਤੋੜ ਸਿਤਾਰੇ ਕੋਈ।

ਚੰਨ ਦਾ ਭੇਦ ਪੰਖ ਦੀ ਛਾਵੇਂ

ਸਿਰ ਬਿਰਖਾਂ ਨੇ ਜੋੜੇ, 

ਡੂੰਘ ਪਤਾਲ ਅਰਸ਼ ਵਿਚ ਸੁੱਟਦੇ

ਡੂੰਘੇ ਪੁਲਾਂ ਮੋੜੇ।

ਬਿਰਖ ਦੀ ਛਾਂ ਤਾਂ ਖੜੀ ਯੁਗਾਂ ਤੋਂ

ਪੰਖ ਦੀ ਛਾਂ ਅਸਮਾਨੀ,

ਤਾਰਿਆਂ ਦੀ ਛਾਂ ਤ੍ਰੇਲ ਦੇ ਸੀਨੇ 

ਸ਼ਮਸ਼ੀਰਾਂ ਦੀ ਗਾਨੀ।

ਫੜ ਕੇ ਪੰਖ ਹਵਾ ਦੇ ਚੱਕਰ

ਤੋੜ ਕਾਲ ਦੀਆਂ ਗਾਰਾਂ, 

ਵਗਦੇ ਪਾਣੀ ਲੱਖ ਵਗਾਏ

ਮੋੜ ਖ਼ੂਨ ਦੀਆਂ ਵਾਹਰਾਂ।

ਡੂੰਘੇ ਸਬਰ ਵਾਂਗ ਥੰਮ੍ਹ ਤਪਦੇ 

ਛਾਵਾਂ ਬਹਿ ਕੇ ਰੋਇ,

ਜੋ ਦਰਵੇਸ਼ ਤੇਰੇ ਦਰ ਸੁੱਤੇ 

'ਵਾਜ ਤੇਰੀ ਹੀ ਹੋਇ।

ਜ਼ਿਮੀਂ ਹੋ ਭੱਠ ਕੋਟਾਨ ਸਿਖਰ ਤੋਂ

ਖ਼ੂਨ-ਨੇਸ ਝਲਕਾਰੇ,

ਕੁੱਲ ਹਰਿਆਵਲ ਦੇ ਸੀਨੇ 'ਤੇ

ਹੱਥ ਟਿਕੇ ਦੋ ਪਿਆਰੇ।

📝 ਸੋਧ ਲਈ ਭੇਜੋ