ਬਰਸਾਤ ਦਾ ਮੌਸਮ ਆਇਆ, ਮੈਂ ਹੈਰਾਨ ਰਿਹਾ,
ਪ੍ਰਕਿ੍ਤੀ ਦੇ ਏਸ ਵਰਤਾਵੇ ਤੋਂ, ਅਣਜਾਣ ਰਿਹਾ।
ਬਰਸਾਤ ਫੇਰ ਹੋਈ, ਰੱਜ ਰੱਜ ਨਹਾ ਲਿਆ,
ਲੱਗਿਆ ਜਿਵੇਂ ਰੱਬ ਹੀ ਮੈਂ ਪਾ ਲਿਆ।
ਲੋਕਾਂ ਨੇ ਸਮਝਾਇਆ, ਕੁੱਝ ਦਿਮਾਗ ਲਾ,
ਇੰਝ ਵੀ ਕੋਈ ਭਿੱਜਦੈ, ਭਲਾਂ ਪਾਗਲਾ!
ਬਰਸਾਤ ਦੇ ਦਿਨ ਆਏ, ਮੈਂ ਸੋਇਆ ਰਿਹਾ,
ਮੇਰੇ ਅੰਦਰੋਂ ਮੈਂ ਜਿਵੇਂ ਮੋਇਆ ਰਿਹਾ।
ਫੇਰ ਬਿਜਲੀ ਕਈ ਬਾਰ ਚਮਕੀ, ਮੈਂ ਪੱਕ ਚੁੱਕਾ ਸੀ,
ਕੋਈ ਅਸਰ ਨਾ ਹੋਵੇ, ਐਨਾ ਥੱਕ ਚੁੱਕਾ ਸੀ।
ਸਾਵਣ ਕਈ ਆਏ, ਮੈਂ ਲੁਕਿਆ ਰਿਹਾ,
ਕਬੀਲਦਾਰੀ ਦੇ ਬੋਝ ਨਾਲ, ਝੁਕਿਆ ਰਿਹਾ।
ਝੜੀ ਗਿਆਨ ਦੀ ਲੱਗੀ, ਮੈਂ ਸੁੱਕਾ ਰਿਹਾ,
ਖੁੱਲ ਕੇ ਭਿੱਜਣ ਦਾ ਹੌਸਲਾ, ਮੁੱਕਾ ਰਿਹਾ।
ਮੌਲ ਜਾਦੀਂ ਸੀ ਧਰਤੀ, ਅੰਬਰ ਮੌਲਦਾ,
ਦਿਲ ਮੇਰਾ ਪੱਥਰ ਜਿਹਾ, ਕੁੱਝ ਨਾ ਗੌਲਦਾ।
ਕੀ ਸੱਚ, ਕੀ ਝੂਠ, ਇਹ ਸੱਭ ਜਾਣ ਕੇ,
"ਮੰਡੇਰ" ਸਾਰੀ ਉਮਰ ਖੜਾ ਰਿਹਾ ਛੱਤਰੀ ਤਾਣ ਕੇ,
ਜਿਸ ਦਿਨ ਮੇਰੀ ਮੈਂ ਹੋਈ ਢੇਰੀ ਰਾਖ ਦੀ,
ਵੇ ਭਿੱਜਣਾ ਹੀ ਜਿੰਦਗੀ ਸੀ ਬਾਰਿਸ਼ ਆਖਦੀ॥