ਬਸ ਤੁਸੀਂ ਧਾਗੇ ਨੂੰ ਤੀਲੀ ਲਾਣੀ

ਬਸ ਤੁਸੀਂ ਧਾਗੇ ਨੂੰ ਤੀਲੀ ਲਾਣੀ।

ਮੋਮਬੱਤੀ ਹੈ ਖ਼ੁਦ ਪਿਘਲ ਜਾਣੀ।

ਸੀ ਤਾਂ ਦਰਿਆ ਹੀ ਮੈਂ ਅੱਖੀ ਡਿੱਠੇ,

ਮਰਨ ਵੇਲੇ ਵੀ ਸੀ ਮੰਗਦਾ ਪਾਣੀ।

ਇਸ ਹਨੇਰੇ 'ਚ ਕੌਣ ਸਾਥ ਦਏ,

ਡੁਬ ਗਈ ਸ਼ਾਮ ਵੀ ਹੈ ਡੁਬ ਜਾਣੀ।

ਹੰਝੂ ਪਲਕਾਂ ਤੇ ਰੁੱਕ ਗਏ ਕੇ,

ਮਨ ਕਿਸ ਖ਼ਾਬ ਦਾ ਉਬਲੇ ਪਾਣੀ।

ਜ਼ਿੰਦਗੀ ਸੇਕ ਬਣਕੇ ਹੈ ਰਹਿ ਗਈ,

ਤੇਰੀ ਜ਼ੁਲਫ਼ਾਂ ਦੀ ਛਾਂ ਹੈ ਕੀ ਮਾਣੀ।

ਤੇਰੀ ਪੈੜਾਂ ਦੇ ਨਾ ਨਿਸ਼ਾਨ ਮਿਲੇ,

ਖ਼ਾਕ ਰਾਹਾਂ ਦੀ ਮੈਂ ਬੜੀ ਛਾਣੀ।

ਆਏ ਮੁੜਕੇ ਬਹਾਰ, ਨਾ ਆਏ,

ਦਿਲ 'ਚੋਂ ਵੀਰਾਨਗੀ ਨਹੀਂ ਜਾਣੀ।

ਹੈਂ ਕਬੀਰਾ ਤੂੰ ਦੱਸ ਗਿਓਂ ਕਿੱਥੇ?

ਤੰਦ ਉਲਝੀ ਨਹੀਂ, ਉਲਝੀ ਤਾਣੀ।

ਘਾਟ ਤੇਰੀ ਰੜਕਦੀ ਹਰ ਮੌਕੇ,

ਪੂਰਤੀ ਤੇਰੀ ਹੋ ਨਹੀਂ ਪਾਣੀ।

📝 ਸੋਧ ਲਈ ਭੇਜੋ