ਸੋਹਣੀ ਸੋਹਣੀ ਫੁੱਲਾਂ 'ਤੇ ਬਹਾਰ

ਕਈ ਵੇਰ ਮੁੜ ਗਈ ਆਣ ਕੇ ਬਸੰਤ ਤੇਰੀ,

ਪਰ ਤੂੰ ਨਾ ਆਇਓਂ ਇਕ ਵਾਰ

ਤੇਰੀਆਂ ਕਹਾਣੀਆਂ ਮੈਂ, ਕਲੀਆਂ ਨੂੰ ਦੱਸੀਆਂ

ਮੇਰੇ ਹਾਲ ਉੱਤੇ ਉਹ ਵੀ ਖਿੜ ਖਿੜ ਹੱਸੀਆਂ

ਰੋ ਰੋ ਅੱਖਾਂ ਵਿਚੋਂ ਹੰਝੂ ਵੀ ਨੇ ਮੁੱਕੇ,

ਪਰ ਮੁੱਕਿਆ ਨਾ ਤੇਰਾ ਇਕਰਾਰ

ਗੱਲਾਂ, ਗੱਲਾਂ ਵਿਚ ਰੁੱਸ ਤੁਰ ਨਹੀਓਂ ਜਾਈਦਾ

ਨਿੱਕੀ ਜਿਹੀ ਗੱਲ ਪਿੱਛੇ, ਹਾੜਾ ਨਹੀਂ ਪੁਆਈਦਾ

ਵਤਨਾਂ ਤੋਂ ਦੂਰ ਜਾ ਕੇ ਸਾਨੂੰ, ਪੀਆ ਭੁੱਲ ਬੈਠੋਂ,

ਏਦਾਂ ਨਹੀਓਂ ਨਿਭਦੇ ਪਿਆਰ

ਪੰਜਾਂ ਦਰਿਆਵਾਂ ਦੀਆਂ ਪੱਤਣਾਂ ਹੰਗਾਲੀਆਂ

ਪੈੜਾਂ ਤੇਰੀ ਚੀਨੀ ਦੀਆਂ ਲੱਭੀਆਂ ਨਾ ਭਾਲੀਆਂ

ਪਿਆਰ ਦੀ ਗਵਾਹੀ ਇਨ੍ਹਾਂ ਤਾਰਿਆਂ ਤੋਂ ਮੰਗ ਲੈ,

ਜੇ ਮੇਰਾ ਨਹੀਓਂ ਆਉਂਦਾ ਇਤਬਾਰ

ਕਾਵਾਂ ਕੋਲੋਂ ਰੋਜ਼ ਐਵੇਂ ਝੂਠ ਨਹੀਂ ਬੁਲਾਈਦਾ

ਮਿੱਤਰਾਂ ਪਿਆਰਿਆਂ ਨੂੰ ਛੱਡ ਕੇ ਨਹੀਂ ਜਾਈਦਾ

ਤੇਰੀ ਜੇ 'ਉਦਾਸੀ' ਵਿਚ ਮਰ ਗਏ ਪ੍ਰੀਤਮਾ ਵੇ,

ਕੇ ਫੇਰ ਚੁੰਮੀ ਨਾ ਮਜ਼ਾਰ

ਸੋਹਣੀ ਸੋਹਣੀ ਫੁੱਲਾਂ 'ਤੇ ਬਹਾਰ

ਕਈ ਵੇਰ ਮੁੜ ਗਈ ਆਣ ਕੇ ਬਸੰਤ ਤੇਰੀ,

ਪਰ ਤੂੰ ਨਾ ਆਇਓਂ ਇਕ ਵਾਰ

📝 ਸੋਧ ਲਈ ਭੇਜੋ