ਤੱਤੀ ਖ਼ਿਜ਼ਾਂ ਦਾ ਕਾਫਲਾ, ਸ਼ਾਮੀਂ ਅਨ੍ਹੇਰੇ ਤੁਰ ਗਿਆ

ਸਾਵੇ ਤੇ ਪੀਲੇ ਪੱਤਿਆਂ, ਜੋਬਨ, ਜਵਾਨੀ ਮੱਤਿਆਂ

ਡਿਠਾ ਜ਼ਮਾਨਾ ਬਦਲਿਆ; ਤੇ ਬੁਲਬੁਲਾਂ ਨੂੰ ਸਦ ਲਿਆ

ਖੜ ਖੜ ਵਜਾਈਆਂ ਤਾਲੀਆਂ, ਖਿੜ ਖਿੜ ਨੇ ਪਈਆਂ ਡਾਲੀਆਂ

ਰਾਣੀ ਬਸੰਤ ਗਈ, ਓਹ ਗਈ,ਰੰਗ ਲਾ ਗਈ

ਫੁਲਾਂ ਦਾ ਸਿਰ 'ਤੇ ਤਾਜ ਸੂ, ਬਾਗ਼ਾਂ ਦੇ ਉੱਤੇ ਰਾਜ ਸੂ

ਹੋ ਟਹਿਣੀਆਂ ਵੀ ਨੀਵੀਆਂ, ਇਹ ਬੋਲ ਪਈਆਂ ਖੀਵੀਆਂ

'ਜੀ ਆਓ ਜੀ, ਜੀ ਆਇਆਂ, ਜੀ ਆਇਆਂ, ਜੀ ਆਇਆਂ'

ਫੁਲੀ ਸਰਹੋਂ ਨੇ ਫੁਲ ਫੁਲ, ਸਿਰ ਪਾ ਲਿਆ ਚੌਂਕ ਫੁਲ

ਮਸਤੀ ਹੁਲਾਰੇ ਮਾਰਦੀ, ਮੱਤੀ ਸੁਹੱਪਣ ਵਾਰਦੀ

ਜੀਕਰ ਲਡਿੱਕੀ ਨਾਰ ਏ; ਜਾਂ ਝੂਮਦੀ ਮੁਟਿਆਰ

ਸੁੰਦਰ ਸੁਨਹਿਰੀ ਝਾਕੀਆਂ, ਫੁਲਾਂ ਦੀਆਂ ਬੇ-ਬਾਕੀਆਂ

ਬੈਠੇ ਨੇ ਸੀਨੇ ਖੋਲ੍ਹ ਕੇ, ਪੀਤੀ ਨੇ ਸਾਰੀ ਘੋਲ ਕੇ

ਬੁਲਬੁਲ ਪਈ ਚੁੰਮਦੀ, ਆਲੇ ਦਵਾਲੇ ਘੁਮਦੀ

ਭੁੱਖੇ ਪ੍ਰੇਮੀ ਰੱਸ ਦੇ, ਅਗੋਂ ਨੇ ਮੋਏ ਹਸਦੇ

ਸ਼ਾਖਾਂ ਤੇ ਕਲੀਆਂ ਨਿੱਤਰੀਆਂ, ਜਾਂ ਬੈਠੀਆਂ ਨੇ ਤਿੱਤਰੀਆਂ

ਮਾਲੀ ਕਹਿਰ ਗੁਜ਼ਾਰਸੀ, ਸੂਈਆਂ ਕਲੇਜੇ ਮਾਰ ਸੀ

ਕੋਈ ਗਲੇ ਵੀ ਲਾਇਗਾ, ਪਰ ਅੰਤ ਨੂੰ ਸੁਟ ਪਾਇਗਾ

ਰੂੜ੍ਹੀ ਤੇ ਪੈਸੀ ਵਸਨਾ, ਫਿਰ ਯਾਦ ਆਸੀ ਹਸਨਾ

ਕੋਮਲ ਤਿੜਾਂ ਨੇ ਉੱਠੀਆਂ, ਲਗਰਾਂ ਵੀ ਨਾਲੇ ਫੁੱਟੀਆਂ

ਉਹ ! ਕੋਇਲਾਂ ਨੇ ਬੋਲੀਆਂ, ਲਈਆਂ ਬਣਾ ਨੇ ਟੋਲੀਆਂ

ਭਾਗੀਂ ਭਲੇ ਦਿਨ ਆਏ ਨੇ, ਬਾਗਾਂ 'ਚਿ ਡੇਰੇ ਲਾਏ ਨੇ

ਪਰ ਇਕ ਵਿਚਾਰੀ ਸੈਦ ਏ, ਪਿਛਲੀ ਬਸੰਤੋਂ ਕੈਦ

ਨਾ ਆਹ, ਨਾ ਫਰਿਆਦ ਏ, ਐਪਰ ਚਮਨ ਦੀ ਯਾਦ

ਪਈ ਤੜਫਦੀ ਲੁੱਛਦੀ, 'ਆਸੀ' ਦੇ ਕੋਲੋਂ ਪੁੱਛਦੀ,

ਕਿਉਂ ਜੀ ! ਬਸੰਤ ਗਈ ?

📝 ਸੋਧ ਲਈ ਭੇਜੋ