ਬਸੰਤੀ ਰੁੱਤ ਸਦੀਵੀ ਨਾ ਖ਼ਿਜ਼ਾਂ ਹਰ ਹਾਲ ਆਉਣਾ ਹੈ
ਬੁਰੇ ਵਕਤਾਂ ਨੂੰ ਪਿੰਡੇ ਤੇ ਦਰਖ਼ਤਾਂ ਨੇ ਹੰਢਾਉਣਾ ਹੈ।
ਫ਼ਿਜ਼ਾ ਰੰਗੀਨ ਜੋਬਨ ਰੁੱਤ ਤੇ ਮਾਪੇ ਥਿਰ ਨਹੀਂ ਹੁੰਦੇ
ਇਹ ਨਦੀਆਂ ਸਾਰੀਆਂ ਆਖ਼ਰ ਸਮੁੰਦਰ ਵਿਚ ਸਮਾਉਣਾ ਹੈ।
ਕਿਤੇ ਆਦਤ ਨਾ ਬਣ ਜਾਵੇ ਤੁਹਾਡੀ ਬੇਰੁਖੀ ਦਿਲਬਰ
ਰਜ਼ਾ ਵਿਚ ਰਹਿ ਕੇ ਮੌਲਾ ਦੀ ਤੁਸਾਂ ਹੱਸਣਾ ਹਸਾਉਣਾ ਹੈ।
ਕਦੇ ਜਾਤਾਂ ਕਦੇ ਧਰਮਾਂ ਹੀ ਸਾਡੇ ਸਿਰ ਬਦਲ ਦਿੱਤੇ
ਕਦੋਂ ਇਸ ਨਫ਼ਰਤਾਂ ਦੇ ਰੋਗ ਨੂੰ ਜੜ੍ਹ ਤੋਂ ਮੁਕਾਉਣਾ ਹੈ।
ਬਿਮਾਰੀ ਫੈਲ ਜਾਣੀ ਨਫ਼ਰਤਾਂ ਦੀ ਇੱਕ ਹੋ ਜਾਵੋ
ਜਿਗ਼ਰ ਅਪਣੇ ’ਚ ਖੰਜਰ ਆਪ ਹੀ ਕਿੱਦਾਂ ਖੁਬਾਉਣਾ ਹੈ।
ਨਿਛਾਵਰ ਜ਼ਿੰਦਗੀ ਕਰਦੇ ਮੁਹੱਬਤ ਰਾਸ ਜੇ ਆਉਂਦੀ
ਵਿਛੜਦੇ ਤਰਸਦੇ ਪਾਣੀ ਜ਼ਮੀ ਵਿੱਚ ਹੀ ਸਮਾਉਣਾ ਹੈ।
ਕਲੀਆਂ ਦੇ ਦੁਆਲੇ ਤਿਤਲੀਆਂ ਨੇ ਰੰਗ ਛਿੜਕੇ ਨੇ
ਇਸੇ ਕਰਕੇ ਤਾਂ ਏਥੇ ਭੰਵਰਿਆਂ ਦਾ ਜਾਣਾ ਆਉਣਾ ਹੈ।
ਨਿਰਾਸਾ ਹੀ ਰਿਹਾ ‘ਉੱਪਲ’ ਤੇਰੇ ਲਾਰੇ ਰਹੇ ਲਾਰੇ
ਮਲਾਹ ਦੀ ਨੀਤ ਖੋਟੀ ਹੈ ਤਾਂ ਮੁਸ਼ਕਿਲ ਪਾਰ ਪਾਉਣਾ ਹੈ।