ਬੱਤੀ ਗੁੱਲ ਹੋਈ,
ਦੀਵਾ ਬਾਲਿਆ,
ਤੇ ਬਹਿਕੇ ਤੱਕਣ ਲੱਗਿਆ।
ਲੋਅ ਵਿੱਚੋਂ ਤੂੰ ਦਿਸੀ,
ਪੈੱਨ, ਡਾਇਰੀ ਚੱਕੀ,
ਤੇ ਲਿੱਖਣ ਲੱਗਿਆ।
ਲਿਖਿਆ!
ਤੇਰੇ ਸੋਹਣੇ ਚਿਹਰੇ,
ਦੀ ਦਿੱਖ ਨੂੰ,
ਤੇਰੀ ਲਾਜ਼ਵੰਤੜੀ ਜਿਹੀ,
ਸੰਗ ਨੂੰ,
ਤੇਰੀ ਛਣ ਛਣ ਛਣ ਕਰਦੀ,
ਵੰਗ ਨੂੰ।
ਤੇਰੇ ਸੁਰਖ ਕੁਆਰੇ,
ਹਾਸੇ ਨੂੰ,
ਤੇਰੇ ਦੰਦਾਂ ਦੇ,
ਦੰਦਾਸੇ ਨੂੰ।
ਤੇਰੇ ਮੁੱਖ ਤੇ ਆਉਂਦੀ,
ਲਟ ਨੂੰ ਵੀ,
ਤੇਰੇ ਸਰ੍ਹੋਂ ਜਿੱਡੇ,
ਕੱਦ ਨੂੰ ਵੀ।
ਗੱਲ ਮੁੱਕੀ ਨਹੀਂ,
ਸਿਆਹੀ ਮੁੱਕ ਗਈ,
ਬੱਸ!
ਇੱਥੇ ਫਿਰ ਤੇਰੀ,
ਗੱਲ ਰੁੱਕ ਗਈ।