ਧਰਤੀ ਦੀ ਜਿਵੇਂ ਕੁੱਖ ਦੇ ਬਾਜੋਂ, ਬੀਜ਼ ਕਮਲਿਆ ਉੱਗਦਾ ਨਈ॥
ਘੁੱਗੀਆਂ ਬਾਜੋਂ ਬੋਟ ਵਾਸਤੇ, ਚੋਗ਼ ਕੋਈ ਵੀ ਚੁੱਗਦਾ ਨਈ॥
ਪਾਣੀ ਦੇ ਬਿਨ ਕੌਣ ਬਝਾਵੇ, ਦੱਸਦੇ ਲਾਟਾਂ ਅੱਗ ਦੀਆਂ॥
ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥
ਮੱਛਲ਼ੀ ਬਾਜੋਂ ਕਿਹੜਾ ਜਾਣੇ, ਦੱਸ ਖਾਂ ਕੀਂਮਤ ਪਾਣੀ ਦੀ॥
ਜੜ੍ਹਾਂ ਡੂੰਘੀਆਂ ਜੇ ਨਾਂ ਹੋਵਣ, ਭੋਰਾ ਹੋਂਦ ਨਈ ਟਾਣੀ ਦੀ॥
ਜੇ ਨਾਂ ਬੱਦਲ ਚੜ੍ਹਕੇ ਆਵੇ, ਕਦੇ ਨਾਂ ਝੜ੍ਹੀਆਂ ਲੱਗ ਦੀਆਂ॥
ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥
ਜਿਵੇਂ ਹੰਸਣੀਂ ਬਾਜੋਂ ਮੂਰਖਾ, ਹੰਸ ਨਈ ਪੈਦਾ ਹੋ ਸਕਦਾ॥
ਉਵੇਂ ਹੀ ਔਰਤ ਜਾਤੀ ਬਾਜੋਂ, ਵੰਸ਼ ਨਈ ਪੈਦਾ ਹੋ ਸਕਦਾ॥
ਆਖਰ ਨੂੰ ਹੋ ਜਾਣ ਉਜ਼ਾਗਰ, ਠੱਗੀਆਂ ਕਾਲੇ ਠੱਗ ਦੀਆਂ॥
ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥
ਕਦੇ ਵੀ ਬੰਜ਼ਰ ਧਰਤੀ ਉੱਤੇ, ਹਲ਼ ਨੀਂ ਚੱਲਦਾ ਖੇਤੀ ਦਾ॥
ਇੱਕੋਂ ਝਟਕੇ ਢਹਿ ਜਾਦਾ ਏ, ਬਣਿਆ ਘਰ ਬਰੇਤੀ ਦਾ॥
ਬਹੁਤਾ ਚਿਰ ਨਾ ਚਮਕਾਂ ਪੈਂਵਣ, ਪਾਣੀ ਉੱਤੇ ਝੱਗ ਦੀਆਂ॥
ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥
ਰੂੰ ਦੀ ਬੱਤੀ ਬਾਜੋਂ ਦੀਵਾ, ਜਿਵੇਂ ਰੌਸ਼ਨੀ ਕਰਦਾ ਨਈ॥
ਚੱਪੂ ਬਾਜੋਂ ਬੇੜਾ ਕਦੇ ਵੀ, ਪਾਰ ਸਮੁੰਦਰ ਤਰਦਾ ਨਈ॥
ਵੀਰਾਂ ਦਾ ਏ ਮਾਣ ਹੁੰਦੀਆਂ, ਲੱਜ ਪਿਊ ਦੀ ਪੱਗ ਦੀਆਂ॥
ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥
ਉੱਲੂ ਬਾਜੋਂ ਕਿਹੜਾ ਜਾਣੇ, ਕੀਂਮਤ ਘੁੱਪ ਹਨੇਰੇ ਦੀ॥
ਅੰਧੇ ਨੂੰ ਕੋਈ ਫਰਕ ਨੀਂ ਪੈਂਦਾ, ਰੌਸ਼ਨੀ ਸੁਰਖ ਸਵੇਰੇ ਦੀ।
ਸਦਾ ਹੀ ਦੁਨੀਆਂ ਸ਼ੋਭਾ ਕਰਦੀ, ਸੱਤਿਆ ਨਰ ਸਲੱਗ ਦੀਆ।
ਬੌਰੇ ਬੰਦਿਆ ਧੀਆਂ ਬਾਜੋਂ, ਨੀਹਾਂ ਕੱਚੀਆਂ ਜੱਗ ਦੀਆਂ॥