ਬੇ-ਭੀ ਜ਼ਹਰ ਨਹੀਂ ਜੋ ਖਾ ਮਰਨ

ਬੇ-ਭੀ ਜ਼ਹਰ ਨਹੀਂ ਜੋ ਖਾ ਮਰਨ

ਕੁਛ ਸ਼ਰਮ ਹਿੰਦੁਸਤਾਨੀਆਂ ਨੂੰ

ਕਿਆ ਹਿਆ ਇਹਨਾਂ ਰਾਜਿਆਂ ਨੂੰ

ਕੁਝ ਲੱਜ ਨਹੀਂ ਤੂਰਾਨੀਆਂ ਨੂੰ

ਭੈੜੇ ਭਰ ਭਰ ਕੇ ਦੇਵਣ ਖਜ਼ਾਨੇ

ਫ਼ਾਰਸੀਆਂ ਖੁਰਾਸਾਨੀਆਂ ਨੂੰ

ਵਿਚ ਢੂਣੀਆਂ ਦੇ ਪਾਣੀ ਨੱਕ ਡੋਬਣ

ਜੇ ਲਹਿਣ ਨਾ ਵੱਡਿਆਂ ਪਾਣੀਆਂ ਨੂੰ

ਹਿੱਕੇ ਤਾਂ ਮਾਰ ਕਟਾਰੀ ਮਰੋ

ਜੇ ਸਕੋ ਮਾਰ ਈਰਾਨੀਆਂ ਨੂੰ

ਦਾੜ੍ਹੀਆਂ ਚਾ ਮੁਨਾਈਆਂ ਅਖੀਵਨ

ਕਸ਼ਫ(ਹੈਫ) ਇਹਨਾਂ ਜ਼ਨਾਨੀਆਂ ਨੂੰ

ਤੋਪਚੀਆਂ ਜ਼ੰਬੂਰਚੀਆਂ ਨੂੰ

ਬਰਕੰਦਾਜ਼ਾਂ ਬਾਨੀਆਂ ਨੂੰ

ਇਹਨਾਂ ਬਾਂਕਿਆਂ ਟੇਢਿਆਂ ਡਿੰਗਿਆਂ ਨੂੰ

ਇਹਨਾਂ ਤੁਰਕੀਆਂ ਆਕੜਖਾਨੀਆਂ ਨੂੰ

ਨੋਕ ਬੰਦਾਂ ਦੱਖਣੀ ਜਾਮੇ ਬਾਂਕੇ

ਤੇ ਪੋਸ਼ ਕਮਾਨੀਆਂ ਨੂੰ

ਇਹਨਾਂ ਪਲੱਥੇਬਾਜ਼ਾਂ ਨੂੰ

ਇਹਨਾਂ ਫੀਲਕੱਦਾਂ ਅਫਗਾਨੀਆਂ ਨੂੰ

ਇਹਨਾਂ ਤੱਬਤੀਆਂ ਕੁਸ਼ਤੀਗੀਰਾਂ ਨੂੰ

ਇਹਨਾਂ ਤੀਰਅੰਦਾਜ਼ ਕਮਾਨੀਆਂ ਨੂੰ

ਹੈਦਰ ਆਖ ਇਹਨਾਂ ਹੀਜੜਿਆਂ ਨੂੰ,

ਹੇਜ਼ਾ ਨਾ-ਮਰਦਾਨੀਆਂ ਨੂੰ ।੧੪।

📝 ਸੋਧ ਲਈ ਭੇਜੋ