ਬੇ-ਰੰਗੀਆਂ ਤਸਵੀਰਾਂ ਹੱਥੀਂ ਆ ਗਏ ਆਂ

ਬੇ-ਰੰਗੀਆਂ ਤਸਵੀਰਾਂ ਹੱਥੀਂ ਗਏ ਆਂ 

ਲੱਗਦਾ ਤਕਦੀਰਾਂ ਹੱਥੀਂ ਗਏ ਆਂ

ਫੇਰ ਕਿਸੇ ਨੇ ਭੰਨ ਦਿੱਤਾ ਤੀਰਾਂ ਨੂੰ 

ਫੇਰ ਕਿਸੇ ਦੇ ਵੀਰਾਂ ਹੱਥੀਂ ਗਏ ਆਂ

ਪਿਛਲੀ ਵਾਰ ਵੀ ਡੰਗਿਆ ਸੀ ਤਕਰੀਰਾਂ ਨੇ

ਮੁੜਕੇ ਫਿਰ ਤਕਰੀਰਾਂ ਹੱਥੀਂ ਗਏ ਆਂ

ਹਾਲਾਂ ਤੇ ਇੱਕ ਸੁਫ਼ਨਾ ਵੀ ਨਈਂ ਤੱਕਿਆ ਸੀ

ਪਹਿਲਾਂ ਹੀ ਤਾਬੀਰਾਂ ਹੱਥੀਂ ਗਏ ਆਂ

ਅੱਖਰਾਂ ਦੀ ਅੱਗ ਝੁੱਗੇ ਸਾੜਨ ਲੱਗ ਪਈ ਏ 

ਕਿੰਜ ਦੀਆਂ ਤਹਰੀਰਾਂ ਹੱਥੀਂ ਗਏ ਆਂ

ਵੱਢੀ ਗਏ ਆਂ ਮੁੜ ਮੁੜ ਪਿੱਪਲ ਬੋਹੜਾਂ ਨੂੰ 

ਤਾਂ ਤੇ ਜੰਡ ਕਰੀਰਾਂ ਹੱਥੀਂ ਗਏ ਆਂ

ਨੱਸਦੇ ਨੱਸਦੇ ‘ਸੰਧੂ’ ਜੀ ਤੰਗ ਜ਼ਿਹਨਾਂ ਤੋਂ 

ਕਾਲ਼ੇ ਕੱਟ ਜ਼ਮੀਰਾਂ ਹੱਥੀਂ ਗਏ ਆਂ

📝 ਸੋਧ ਲਈ ਭੇਜੋ