ਬਹਿਬਲਤਾ ਦੇ ਵਿਚ ਜ਼ਾਹਿਦ

ਬਹਿਬਲਤਾ ਦੇ ਵਿਚ ਜ਼ਾਹਿਦ ਮੈ-ਖਾਨੇ ਨੂੰ ਧਾਇਆ ਹੈ। 

ਗ਼ਮ ਹੀ ਹੈ ਜਿਸਨੇ ਉਸਨੂੰ ਸਿਧੇ ਰਸਤੇ ਪਾਇਆ ਹੈ।

ਤੇਰੀ ਯਾਦ 'ਚ ਖੌ ਕੇ ਮੈਂ ਅਪਣਾ ਆਪ ਗੁਆਇਆ ਹੈ। 

ਅਪਣਾ ਆਪ ਭੁਲਾ ਕੇ ਹੀ ਤੇਰਾ ਚੇਤਾ ਆਇਆ ਹੈ।

ਏਸੇ ਨੇ ਹੀ ਦੁਨੀਆ ਦਾ ਕਾਰੋਬਾਰ ਚਲਾਇਆ ਹੈ। 

ਫਕਰਾਂ ਨੂੰ ਵੀ ਮੋਂਹਦੀ ਹੈ ਮਾਇਆ ਆਖ਼ਿਰ ਮਾਇਆ ਹੈ

ਭੇਦ ਹੈ ਇਸਦੇ ਵਿਚ ਕੋਈ ਅਜ ਤੇ ਖ਼ੈਰ ਨਹੀਂ ਦਿਸਦੀ 

ਹਸਦਾ ਤੁਸਦਾ ਜ਼ਾਲਿਮ ਜੋ ਮੇਰੇ ਵੇਹੜੇ ਆਇਆ ਹੈ

ਚੰਗਾ ਮੌਜ ਦਾ ਮਾਲਿਕ ਹੈਂ ਰੱਬਾ ਤੈਨੂੰ ਕੀ ਸੁੱਝੀ 

ਗ੍ਰਸ ਕੇ ਮੇਰੇ ਚੰਨ ਨੂੰ ਤੂੰ ਕਿੰਨਾ ਨ੍ਹੇਰ ਮਚਾਇਆ ਹੈ।

ਦੁਖੜੇ ਦੇਣ ਸਮੇਂ ਉਸਨੂੰ ਇਹਵੀ ਵੇਂਹਦੋਂ ਤੂੰ ਰੱਬਾ 

ਆਸ਼ਕ ਵੀ ਇਕ ਬੰਦਾ ਹੈ ਉਹ ਵੀ ਮਾਂ ਦਾ ਜਾਇਆ ਹੈ

ਮੇਰੇ ਨਿਰਛਲ ਦਿਲ ਦੇ ਵਿਚ ਕਪਟ ਕਦੇ ਵੀ ਆਇਆ ਨਹੀਂ 

ਜੋ ਵੀ ਦਿਲ ਵਿਚ ਆਇਆ ਹੈ ਮੂੰਹ ਤੇ ਆਖ ਸੁਣਾਇਆ ਹੈ

ਇਸ਼ਕ 'ਚ ਦੂਤੀ ਅੱਗੇ ਵੀ ਸੀਸ ਨਿਵਾ ਦਿੱਤਾ ਮੈਂ ਤਾਂ 

ਗੈਰ ਕਿਵੇਂ ਸਮਝਾਂ ਉਸਨੂੰ ਜਿਹੜਾ ਤੈਨੂੰ ਭਾਇਆ ਹੈ । 

ਡਰਦਾ ਹਰ ਹਰ ਕਰਦਾ ਏਂ ਮੇਰੇ ਪਰਛਾਵੇਂ ਤੋਂ ਵੀ 

ਤੇਰੇ ਤੇ ਜੋ ਛਾਇਆ ਹੈ ਉਹ ਦੂਤੀ ਦਾ ਸਾਇਆ ਹੈ।

ਇਕਧਰ ਹਾਸੇ ਦਿਤੇ ਨੇ ਹਸ ਕੇ ਵਿਖਾ ਦਿੱਤਾ ਇਕਧਰ 

ਹਰ ਪਾਸੇ ਹਰਜਾਈ ਨੇ ਵਖਰਾ ਰੰਗ ਜਮਾਇਆ ਹੈ।

ਜ਼ਾਹਿਦ ਦੀ ਹਾਂ ਦੇ ਵਿਚ ਹਾਂ ਸ਼ੇਖ਼ ਮਿਲਾਉਂਦਾ ਥਕਦਾ ਨਹੀਂ 

ਜ਼ਾਹਿਦ ਵੀ ਤੇ ‘ਹਮਦਰਦਾ' ਸ਼ੇਖ਼ ਦਾ ਚਾਚਾ ਤਾਇਆ ਹੈ

📝 ਸੋਧ ਲਈ ਭੇਜੋ