ਹੋਲੀ ਮੁਬਾਰਕ ਹੋਲੀ ਮੁਬਾਰਕ
ਸੁਣਦਿਆਂ ਮੇਰੇ ਕੰਨ ਪੱਕ ਗਏ ਹਨ
ਦੱਸੋਂ ਤਾ ਸਹੀ ਰੰਗੀਨੀ ਬਚੀ ਕਿੱਥੇ ਏ
ਮੈਂ ਵੀ ਤਾਂ ਵੇਖਾਂ!
ਸਰੂੰਆਂ ਦੇ ਰੰਗ ਕਦੋਂ ਫੱਬੇ ਹਨ
ਪੀਲੀਆਂ ਸਰਕਾਰਾਂ ਨੂੰ
ਕਣਕਾਂ ਕਿਓਂ ਸੁਨਹਿਰੀ ਹੌਣੋ ਡਰਦੀਆ ਹਨ
ਥੋਨੂੰ ਪਤਾ ਵੀ ਹੈ?
ਕਿਉਂ ਕਿਸੇ ਫਸਲ ਦਾ ਨਾੜ ਬਣ ਜਾਂਦਾ ਹੈ ਫੰਦਾ
ਤੇ ਕਰ ਦਿੰਦਾ ਹੈ ਗਿੱਠ ਉੱਚੀ ਧੌਣ
ਕਿਸੇ ਧਰਤੀ ਰੰਗਣ ਵਾਲੇ
ਹਰਿਆਵਲ ਸਿਓ ਕਿਸਾਨ ਦੀ।
ਹਰ ਵਾਰੀ ਕਿਉਂ ਉਸ ਬੱਠਲ ਨੂੰ
ਤਾਜ ਕਹਿ ਦਿੱਤਾ ਜਾਂਦਾ ਹੈ?
ਜਿਸਨੇ ਫੇਹ ਦਿੱਤਾ ਹੈ
ਇਕ ਰੋੜੀ ਵੰਨੇ ਮਜਦੂਰ ਦਾ ਸਿਰ,
ਪਤਾ ਥੋਨੂੰ
ਸਹਿਜੇ ਸਹਿਜੇ ਖਾ ਗਈਆਂ ਹਨ ਨਜਰਾਂ
ਸਾਡੇ ਪਿੰਡਾਂ ਚ ਪਲਦੀ ਉਸ ਮੁਟਿਆਰ ਨੂੰ
ਜਿਸਨੇ ਗਰੀਬੀ ਓੜ ਕੇ ਰੱਖੀ
ਹਮੇਸ਼ਾ ਆਪਣੀ ਕਿਸਮਤ ਵੰਨੇ
ਕਾਲੇ ਸੁਰਖ
ਥਾਂ ਥਾਂ ਤੋਂ ਫਟੈ ਦੁਪੱਟੇ ਨਾਲ
ਸਾਨੂੰ ਮਾਰ ਗਿਆ
ਉਨਾਂ ਦਾ ਚਿੱਟਾ ਜਾ ਬਾਣਾ
ਜਿਸ ਵਿੱਚੋਂ ਅਸੀਂ ਆਪਣੀ ਜਿੰਦਗੀ ਦੇ
ਰੰਗ ਨਿਹਾਰਦੇ ਰਹੇ।
ਧਿਆਨ ਨਾਲ ਦੇਖੋ
ਸਾਡੀ ਕਿਰਤ ਦੀਆਂ ਅੱਖਾਂ ਚ ਵਸਦੇ ਭੱਦੇ ਭਵਿੱਖ ਨੂੰ
ਜਿਸਦੇ ਰੰਗ ਸੁਕਾ ਦਿਤੇ ਗਏ
ਏਨਾਂ ਹੁਕਮਰਾਨਾਂ ਕਾਲੇ ਗੋਰੇ ਦਾਗਾਂ ਨੇ
ਤੁਸੀਂ ਰੰਗਾਂ ਨਾਲ ਖੇਡਦੇ ਰਹੋ
ਤੇ ਮਨਾਓਦੇ ਰਹੋ ਜਸ਼ਨ
ਫਿਟ ਚੁਕੀਆਂ ਸੱਧਰਾਂ ਦਾ
ਗਾਓਦੇ ਰਹੋ ਅਜਾਦੀ ਦੇ ਬੇ ਰੰਗੇ ਗੀਤ
ਮਲਦੇ ਰਹੋ ਪੀਲੇ ਪੈ ਚੁੱਕੇ ਚੇਹਰਿਆਂ ਤੇ ਗੁਲਾਲੀ
ਨਾਲੇ
ਵਜਾਓਂਦੇ ਫਿਰੋ ਢੋਲ ਮੇਰਾ ਦੇਸ਼ ਮਹਾਨ
ਇਹ ਕਹਿਣਾ ਭੁੱਲ ਨਾ ਜਾਇਓ
ਜੈ ਹਿੰਦ।।