ਹੇ ਤਲਵਾਰੇ ਦੱਸ ਮੈਨੂੰ,
ਕੌਣ ਸੁੱਤੇ ਆਣ ਕੇ।
ਕਿੱਥੋਂ ਟੁਰਦਾ ਆਇਆ ਹੈ,
ਪੈਡਿਆਂ ਨੂੰ ਛਾਣ ਕੇ।
ਇਸ ਭਿਆਨਕ ਰਾਤ ਵਿੱਚ,
ਲਗਦੈ ਇਹਨੂੰ ਡਰ ਨਹੀ ?
ਭੁੱਲਿਆ ਹੈ ਰਾਹੀ ਕੋਈ,
ਯਾ ਇਸ ਦਾ ਘਰ ਨਹੀ ?
ਇਹਦਿਆਂ ਪੈਰਾਂ ਵਿੱਚ,
ਕਿਤਨੇ ਹੀ ਛਾਲੇ ਪਏ ਨੇ।
ਮਣਾਂ ਮੂੰਹੀਂ ਕੰਡੇ ਇਹਦੇ,
ਆਲੇ ਦੁਆਲੇ ਪਏ ਨੇ।
ਰੋੜਿਆਂ ਦੀ ਸੇਜ ਕੀ,
ਇਹਨੂੰ ਨਹੀਂ ਚੋਭਾਂ ਮਾਰਦੀ ?
ਕੱਕਰ ਵਗਦੀ ਪੌਣ ਕੀ,
ਨਹੀਂ ਇਹਦਾ ਸੀਨਾ ਠਾਰਦੀ ?
ਜ਼ੱਰੇ ਜ਼ੱਰੇ ਮਿੱਟੀ ਦੇ,
ਇਸ ਨੂੰ ਖਾ ਜਾਣਗੇ।
ਮਸਤੇ ਹੋਏ ਅਜਗਰ ਵੀ,
ਮੂੰਹ ‘ਚ ਪਾ ਜਾਣਗੇ।
ਲਹੂ ਪੀਣੇ ਸ਼ੇਰ ਚੀਤੇ,
ਪਾੜ ਖਾਸਨ ਏਸ ਨੂੰ।
ਮਸਤ ਹਾਥੀ ਸੂਰ ਤੇ,
ਬਘਿਆੜ ਖਾਸਨ ਏਸ ਨੂੰ।
ਛੋੜ ਕੇ ਸੰਸਾਰ ਨੂੰ ਇੱਥੇ
ਕਿਉਂ ਲੁਕਿਆ ਹੋਇਐ ?
ਇਹ ਡਰਿਆ ਹੈ ਜਾਂ,
ਭਗਤੀ 'ਚ ਝੁਕਿਆ ਹੋਇਐ ?
ਕੀ ਇਹਨੂੰ ਆਪਣੀ ਜਾਨ ਦੀ,
ਜ਼ਰਾ ਵੀ ਪਰਵਾਹ ਨਹੀਂ ?
ਕੀ ਹਾਰਿਐ ਜੀਵਨ ਦੀ ਬਾਜ਼ੀ,
ਹੋਰ ਕੁਝ ਵੀ ਚਾਹ ਨਹੀਂ ?
ਕੌਣ ਏ ਕਿਸ ਚੀਜ਼ ਦਾ,
ਬੰਦਾ ਇਹ ਬਣਿਆ ਹੋਇਐ।
ਜਾਮਾ ਲੀਰੋ ਲੀਰ ਏ,
ਪਰ ਸੀਨਾ ਤਣਿਆ ਹੋਇਐ।
ਦਰਵੇਸ਼ ਏ, ਫ਼ਕੀਰ ਏ,
ਜਾਂ ਡਾਕੂ ਏ ਕੋਈ ?
ਇਹ ਬਾਦਸ਼ਾਹ ਏ, ਬਾਗੀ ਏ,
ਜਾਂ ਲੜਾਕੂ ਏ ਕੋਈ ?
ਗੱਲਾਂ ਸੁਣ ਕੇ ਤੇਗ ਉਹਦੀ,
ਫੁੰਕਾਰਣ ਲੱਗ ਪਈ।
ਆਪਣੀ ਹੀ ਨੋਕ ਵੱਟਿਆਂ ਨਾਲ,
ਮਾਰਨ ਲੱਗ ਪਈ।
ਮੌਤ ਦੀ ਰਾਣੀ ਹਾਂ ਮੈਂ,
ਕਿਰਪਾਨ ਮੇਰਾ ਨਾਮ ਏ।
ਚੰਗੀ ਤਰ੍ਹਾਂ ਜਾਣਦਾ,
ਕੁਲ ਜਹਾਨ ਮੇਰਾ ਨਾਮ ਏ।
ਮੈਂ ਤਾਂ ਗੌਤਮ ਦੇ ਸਮੇਂ ਤੋਂ,
ਘੂਕ ਸੁੱਤੀ ਹੋਈ ਸਾਂ।
ਖਾ ਰਿਹਾ ਸੀ ਜੰਗ ਮੈਨੂੰ,
ਜੀਂਵਦੀ ਨਾ ਮੋਈ ਸਾਂ।
ਇਸ ਅਨੌਖੇ ਬੀਰ ਨੇ,
ਅੰਮ੍ਰਿਤ ਪਿਲਾਇਆ ਆਣ ਕੇ।
ਟੁੰਬਿਐ ਝੰਜੋੜਿਐ,
ਮੈਨੂੰ ਜਗਾਇਆ ਆਣ ਕੇ।
ਬਿਜਲੀਆਂ ਦੇ ਜਨਮ ਦਾਤੇ,
ਹੱਥੀਂ ਮੈਨੂੰ ਪਾਲਿਐ।
ਕੰਬਿਐ ਅੰਬਰਾਂ ਦਾ ਸੀਨਾ,
ਜਦ ਮੈਨੂੰ ਉਛਾਲਿਐ।
ਇਹਦਿਆਂ ਹੱਥਾਂ ਦੇ ਵਿਚ ਹਾਂ,
ਜਦ ਵੀ ਲਿਸ਼ਕਾਂ ਮਾਰਦੀ।
ਜ਼ਹਿਰ ਦੀ ਭਰੀ ਹੋਈ,
ਨਾਗਣ ਹੈ ਜਿਉਂ ਫੁੰਕਾਰਦੀ।
ਚੀਰ ਦੇਵਾਂ ਬੇਰੀਏ ਨੀ,
ਤੈਨੂੰ ਆਪਣੀ ਧਾਰ ਤੇ।
ਲਾਹ ਦੇਵਾਂ ਸਿਰ ਤੇਰਾ,
ਮੈਂ ਆਪਣੇ ਇਕੋ ਵਾਰ ਤੇ।
ਪਰ ਤੇਰੇ ਥੱਲੇ ਮੇਰਾ,
ਦਾਤਾਰ ਸੁੱਤਾ ਪਿਆ ਏ।
ਦੇਸ਼ ਦਾ ਰਖਵਾਰ,
ਸਿਰਜਨਹਾਰ ਸੁੱਤਾ ਪਿਆ ਏ।
ਜਿਸਦਿਆਂ ਪੈਰਾਂ ਦੇ ਹੇਠਾਂ,
ਬਾਦਸ਼ਾਹੀਆਂ ਰੁਲਦੀਆਂ।
ਜਿਸਦਿਆਂ ਨੈਣਾਂ ‘ਚੋਂ ਨੇ,
ਬਰਕਤਾਂ ਪਈਆਂ ਡੁਲ੍ਹਦੀਆਂ।
ਜਿਹਨੇ ਰੋਂਦੀ ਹਿੰਦ ਲਈ,
ਆਪਣਾ ਪਿਤਾ ਹੈ ਵਾਰਿਆ।
ਜਿਹਨੇ ਹੱਥੀਂ ਬੇਟਿਆਂ ਨੂੰ,
ਮਰਨ ਲਈ ਸ਼ਿੰਗਾਰਿਆ।
ਨੇਜ਼ਿਆਂ ਦੀ ਨੋਕ ਤੇ,
ਪਲਣਾ ਸਿਖਾਇਆ ਜਿਸ ਨੇ।
ਖੰਡਿਆਂ ਦੀ ਧਾਰ ਤੇ,
ਚਲਣਾ ਸਿਖਾਇਆ ਜਿਸ ਨੇ।
ਲਾਸ਼ ਤਕ ਕੇ ਪੁੱਤਰਾਂ ਦੀ,
ਜੋ ਨਹੀਂ ਹੰਝੂ ਕੇਰਦਾ।
ਆਪਣੇ ਪਰਵਾਰ ਦੇ,
ਸਿਰਾਂ ਦੀ ਮਾਲਾ ਫੇਰਦਾ।
ਛੋੜ ਕੇ ਸੇਜਾਂ ਨੂੰ ਜਿਹੜਾ,
ਕੰਡਿਆਂ ਨੂੰ ਪਿਆਰਦੈ।
ਦੇਸ਼ ਦੇ ਆਰਾਮ ਲਈ,
ਆਰਾਮ ਜਿਹੜਾ ਵਾਰਦੈ।
ਚਮਕੌਰ ਦੀ ਗੜ੍ਹੀ ’ਚੋਂ ਇਹ,
ਲਲਕਾਰ ਕੇ ਆਇਆ ਹੋਇਐ।
ਅਜੀਤ ਤੇ ਜੁਝਾਰ ਨੂੰ ਇਹ,
ਵਾਰ ਕੇ ਆਇਆ ਹੋਇਐ।
ਵੇਖ ਚਿਹਰਾ ਇਸ ਦਾ,
ਹਾਲੀ ਵੀ ਦਮਕਾਂ ਮਾਰਦਾ।
ਤੇਜ ਇਹਦਾ ਵੇਖ ਕੇ,
ਟੁਟਦਾ ਹੈ ਦਿਲ ਹੰਕਾਰ ਦਾ।
ਜਿਹਨੇ ਮਿੱਟੀ ਦੇਸ਼ ਦੀ,
ਖ਼ੂਨ ਪਾ ਕੇ ਸਿੰਜਿਐ।
ਰੋੜਿਆਂ ਤੇ ਕੰਡਿਆਂ ਤੇ,
ਬਦਨ ਆਪਣਾ ਪਿੰਜਿਐ।
ਮਾਣ ਤੈਨੂੰ ਦੇਣ ਲਈ,
ਆਇਆ ਹੈ ਪੈਂਡੇ ਛਾਣਦਾ।
ਇਹਦਿਆਂ ਪੈਰਾਂ 'ਚੋਂ,
ਡੁਲ੍ਹਿਐ ਖ਼ੂਨ ਹਿੰਦੁਸਤਾਨ ਦਾ।
ਬਸ ਕਰ ਨਾ ਪੁੱਛ,
ਸੁੱਤਾ ਰਹਿਣ ਦੇ ਇਸ ਬੀਰ ਨੂੰ।
ਝੁੱਕ ਕੇ ਪ੍ਰਣਾਮ ਕਰ ਲੈ,
ਇਹਦੀ ਇਕ ਇਕ ਲੀਰ ਨੂੰ।
ਕੰਡਿਆਂ ਦੇ ਨਾਲ ਵਿੰਨ੍ਹੇ,
ਚਰਨ ਇਹਦੇ ਚੁੰਮ ਲੈ।
ਪਾ ਲੈ ਮੁਕਤੀ ਆਪਣੀ,
ਇਹਦੇ ਦੁਆਲੇ ਘੁੰਮ ਲੈ।
ਰੱਜ ਕੇ ਦੀਦਾਰ ਕਰ,
ਭਗਵਾਨ ਸੁੱਤਾ ਪਿਆ ਈ।
ਅੱਜ ਤੇਰੀ ਗੋਦ ਵਿੱਚ,
"ਤੂਫਾਨ" ਸੁੱਤਾ ਪਿਆ ਈ।