ਬੇੜੀਆਂ ਨੂੰ, ਦਾਇਰਿਆਂ ਨੂੰ, ਮੈਂ ਕਿਹਾ ਕੁਝ ਵੀ ਨਹੀਂ।
ਫਿਰ ਭਲਾਂ ਕਾਹਤੋਂ ਕਿਤੇ ਪਹਿਲਾਂ ਜਿਹਾ ਕੁਝ ਵੀ ਨਹੀਂ।
ਰੋਜ਼ ਹੀ ਪੁੱਛਦਾ ਹਾਂ ਦਿਲ ਨੂੰ ਬੈਠ ਜਾਵਣ ਦੀ ਵਜਾਹ,
ਰੋਜ਼ ਉਹ ਇੱਕੋ ਹੀ ਗੱਲ ਦੁਹਰਾ ਰਿਹਾ, 'ਕੁਝ ਵੀ ਨਹੀਂ'।
ਉਮਰ ਜਿੱਡਾ ਪਲ ਬਿਤਾ ਕੇ ਮੈਂ ਜਦੋਂ ਮੁੜਿਆ ਪਿਛਾਂਹ,
ਆਖਿਆ ਕੁਝ ਵੀ ਨਾ ਉਸ ਨੇ, ਅਣਕਿਹਾ ਕੁਝ ਵੀ ਨਹੀਂ।
ਆਪਣੇ ਅੰਦਰਲੀ ਚੁੱਪ ਦਾ ਸ਼ੋਰ ਸੁਣ ਕੇ ਜਾਪਦੈ,
ਹੁਣ ਅਗੇਰਾ ਜਾਨਣੇ ਦੀ ਭੁੱਖ-ਤਿਹਾ ਕੁਝ ਵੀ ਨਹੀਂ।
ਗੀਤ, ਗ਼ਜ਼ਲਾਂ, ਦਰਦ-ਕਿੱਸੇ, ਧੁੱਪ ਛਾਂ ਦੀ ਵੇਦਨਾ,
ਕਾਗਜ਼ੀ ਰੌਲ਼ਾ ਹੈ 'ਅੰਕੁਸ਼' ਨੇ ਸਿਹਾ ਕੁਝ ਵੀ ਨਹੀਂ।