ਭਾਰ ਮਨ ਤੋਂ ਉਤਾਰਿਆ ਜਾਏ,
ਜੋ ਗਿਲਾ ਹੈ ਉਚਾਰਿਆ ਜਾਏ।
ਕੋਲ ਰਹਿ ਕੇ ਇਹ ਫਾਸਲਾ ਚੁੱਪ ਦਾ,
ਹੋਰ ਹੁਣ ਨਾ ਸਹਾਰਿਆ ਜਾਏ।
ਰੋ ਪਏ ਫੇਰ ਪਾ ਕੇ ਗਲਵਕੜੀ,
ਦੁੱਧ ਪਾਣੀ ਨਤਾਰਿਆ ਜਾਏ।
ਤੂੰ ਹੀ ਦੱਸ ਹੋਰ ਬਚਦੀਦੇ ਉਮਰੇ,
ਤੈਨੂੰ ਕਿੱਦਾਂ ਗੁਜ਼ਾਰਿਆ ਜਾਏ।
ਅਕਲ ਦੀ ਝਾਲ ਕੌਣ ਝੱਲੇਗਾ,
ਏਥੇ ਝੱਲ ਹੀ ਖਲਾਰਿਆ ਜਾਏ।
ਸੋਚੀਏ ਤਾਂ ਉਹ ਮੇਰਾ ਕੀ ਲੱਗਦਾ,
ਜੋ ਨਾ ਪਲ ਵੀ ਵਸਾਰਿਆ ਜਾਏ।
ਹੋਸ਼ ਦੀ ਪੇਸ਼ ਹੀ ਨਹੀਂ ਚੱਲੀ,
ਹੁਣ ਤਾਂ ਦਾਮਨ ਲੰਗਾਰਿਆ ਜਾਏ।