ਭਾਵਨਾ ਸੀਨੇ 'ਚ ਹੋਵੇ ਤਾਂ ਕਿਤਾਬਾਂ ਵਾਸਤੇ।
ਖ਼ੁਦ-ਬ-ਖ਼ੁਦ ਬਣਦੀ ਹੈ ਘਰ ਵਿੱਚ ਥਾਂ ਕਿਤਾਬਾਂ ਵਾਸਤੇ।
ਉਸ ਮੁਹੱਬਤ ਭੇਜ ਦਿੱਤੀ ਮੇਰਿਆਂ ਸ਼ਬਦਾਂ ਨੂੰ ਬੱਸ-
ਹੱਸ ਕੇ ਕਰਵਾ ਗਿਆ ਸੀ ਹਾਂ ਕਿਤਾਬਾਂ ਵਾਸਤੇ।
ਕਾਰ ਵਿੱਚ ਘੁੰਮਦੈ ਉਹ ਅੱਜਕੱਲ ਸ਼ਹਿਰ ਵਿੱਚ ਸਾਹਿਤ ਸਣੇ,
ਪਿੰਡ ਵਿੱਚ ਰਹਿੰਦੀ ਹੈ ਬੁੱਢੀ ਮਾਂ ਕਿਤਾਬਾਂ ਵਾਸਤੇ।
ਹੁਣ ਉਹ ਆਉਂਦੀ ਨਸਲ ਖ਼ਾਤਰ ਰੇਤ ਕੱਠੀ ਕਰ ਰਿਹੈ,
ਰਹਿ ਗਿਆ ਹੈ ਪੁਰਖਿਆਂ ਦਾ ਨਾਂ ਕਿਤਾਬਾਂ ਵਾਸਤੇ।
ਸਾਂਭ ਕੇ ਧੁੱਪਾਂ ਦੀ ਗਰਮੀ, ਬਾਰਿਸ਼ਾਂ ਦੀ ਕੰਬਣੀ,
ਬਿਰਖ ਦੇ ਦੇਂਦੇ ਨੇ ਆਪਣੀ ਛਾਂ ਕਿਤਾਬਾਂ ਵਾਸਤੇ।
ਵਿਸ਼ਵਵਿਦਿਆਲੇ ਦੇ ਬੂਹੇ ਅੱਖਰਾਂ ਲਈ ਬੰਦ ਨੇ,
ਅੰਦਰੋਂ ਸੁਣਦੀ ਹੈ ਪਰ, ਕਾਂ-ਕਾਂ ਕਿਤਾਬਾਂ ਵਾਸਤੇ।
ਦੁਸ਼ਟ ਇੰਟਰਨੈੱਟ ਜਦੋਂ ਸਭ ਪੁਸਤਕਾਲੇ ਖਾ ਗਿਆ,
ਫਿਰ ਕਰੀਂ ਆਦੇਸ਼ ਨਾ, ਬਾਂ-ਬਾਂ ਕਿਤਾਬਾਂ ਵਾਸਤੇ।