ਭਾਫ਼ ਤੇ ਧੂੰਆਂ

ਅੰਗਾਂ ਤੇ ਰੰਗਾਂ ਵਿਚ

ਆਪਣੀ ਲਘੂਤਾ ਤੇ ਅਹਿਸਾਸ ਜਿੰਨਾ ਫ਼ਰਕ ਹੈ

ਜੋ ਵੀ ਸਰਾਪੀ ਕਿਰਨ

ਮੇਰੇ ਸੰਗ ਘਸਰ ਕੇ ਲੰਘਦੀ ਹੈ

ਮੇਰੀ ਆਵਾਜ਼ ਤੋਂ ਬੇਖ਼ਬਰ ਹੈ

ਹਰ ਸੁਲਗਦੀ ਕਿਰਨ

ਭਟਕ ਜਾਂਦੀ ਹੈ ਸਮੇਂ ਦੀਆਂ ਪੀੜ੍ਹੀਆਂ ਅੰਦਰ

ਤੇ ਵਸੀਅਤ ਬਣ ਕੇ

ਹਰ ਸਰਾਪੀ ਕਿਰਨ

ਬੇਮੌਸਮੀ ਰੁੱਤੇ ਮਰ ਜਾਂਦੀ ਹੈ

ਸੂਰਜ ਤਾਂ ਕੱਲ੍ਹ ਫਿਰ ਚੜ੍ਹਣਾ ਹੈ

ਮੈਥੋਂ ਫੇਰ ਮਰਨ ਦੀ ਖ਼ਾਤਰ

ਆਪਣਾ ਬਚਾ ਨਹੀਂ ਹੋਣਾ

ਮੈਨੂੰ ਆਪਣੇ ਸ਼ਬਦ ਪਰੋ ਕੇ ਰੱਖਣੇ ਪੈਂਦੇ ਹਨ

ਇਕ ਪਾਲ ਵਿਚ-

ਕਿਉਂਕਿ ਹਰ ਸੀਮਾ ਦੇ

ਉਸ ਪਾਰ

ਦੁਸ਼ਮਣ ਖੜ੍ਹੇ ਹਨ

ਮੇਰੀ ਛਾਂ ਦੇ ਗਰਭ ਅੰਦਰ

ਨਾਜਾਇਜ਼ ਸੰਬੰਧ ਪਲਦੇ ਨੇ

(ਹਰ ਕਿਸੇ ਕਿਰਨ ਤੋਂ ਪਹਿਲਾਂ ਮੈਂ

ਆਪਣੇ ਆਪ ਨੂੰ ਬਨਵਾਸ ਕਹਿ ਸਕਦਾਂ)

ਤੇ ਮੈਂ ਨਿੱਤ ਜਾਣ ਬੁੱਝ ਕੇ ਹੰਡਿਆਂ ਅੰਗਾਂ ਦੀ ਸੂਲੀ ਉੱਤੇ ਚੜ੍ਹ ਕੇ

ਭਲਕ ਲਈ ਤੋਬਾ ਦੀ ਭੂਮੀ ਤਿਆਰ ਕਰਦਾ ਹਾਂ

ਤੂੰ ਤਾਂ ਸਿਗਰਟ ਪੀ ਕੇ

ਹੱਥਾਂ 'ਚੋਂ ਮਿਚਾ ਦਿੱਤੀ-

ਪੈਰਾਂ ਥੱਲੇ ਫਿਸਣ ਤੋਂ ਬਿਨਾਂ

ਉਹ ਅੰਗਿਆਰੇ

ਬਸਤੀ ਨੂੰ ਜਲਾ ਵੀ ਸਕਦੇ ਹਨ

ਮੇਰੀ ਛਾਤੀ ਉਪਰਲੇ

ਤੇਰੇ ਨੌਹਾਂ ਦੇ ਨਿਸ਼ਾਨ

ਜ਼ਖ਼ਮ ਤੋਂ ਛੁੱਟ

ਕਾਸ਼ ! ਕਿ ਕੁਝ ਹੋਰ ਵੀ

ਅਖਵਾ ਸਕਣ ਦੇ ਯੋਗ ਹੁੰਦੇ

ਕੀ ਕੋਈ ਫ਼ਰਕ ਕਰੇ

ਭਾਫ਼ ਤੇ

ਧੂੰਏਂ 'ਚ

📝 ਸੋਧ ਲਈ ਭੇਜੋ