ਭਗਤ ਨਾਮ ਦੇਵ ਦੀ ਪ੍ਰਤਿਗਿਆ

ਇਕ ਪੁਜਾਰੀ ਨਾਮ ਦਾ, ਹਰਦਮ ਸੀ ਗਾਂਦਾ ਬੀਠਲਾ।

ਬੀਠਲੇ ਦੇ ਨਾਮ ਦੀ, ਮਸਤੀ 'ਚ ਰਹਿੰਦਾ ਝੂਮਦਾ॥

ਸ਼ਹਿਰ ਪੰਡਰਪੁਰ ਵਿਖੇ, ਮੰਦਰ ਸੀ ਇੱਕ ਪੁੰਡਲੀਕ ਦਾ।

ਉਸਦੇ ਨੇੜੇ ਸੀ ਡੇਰਾ, ਨਾਮ ਦੇ ਭਜਨੀਕ ਦਾ॥

ਉਮਰ ਸੀ ਬਚਪਨ ਦੀ ਛੋਟੀ, ਸੂਝ ਰਮਜ਼ਾਂ ਵੱਡੀਆਂ।

ਤੇਲ ਤੁਪਕੇ ਜਿਉਂ ਕਮਲ ਤੇ, ਮਸਤ ਨਜ਼ਰਾਂ ਗੱਡੀਆਂ॥

ਬਾਪ ਜਿਸਦਾ ਹਰ ਦਿਵਸ, ਪੂਜਾ ਕਰੇ ਭਗਵਾਨ ਦੀ।

ਰੋਜ਼ ਕਰਦਾ ਆਰਤੀ ਓਹ, ਬੀਠਲਾ ਦੇ ਨਾਮ ਦੀ॥

ਚੌਅ ਕੇ ਦੁੱਧ ਕਪਲਾ ਗਊ ਦਾ, ਸੇਠ ਦਾਮਾ ਆਣਦਾ।

ਲਗਾਂਦਾ ਭੋਗ ਭਗਵਾਨ ਨੂੰ, ਨਾਮਾ ਇਤਨਾ ਜਾਣਦਾ॥

ਰੋਜ਼ ਨਾਮਾ ਸੋਚਦਾ, ਦੀਦਾਰ ਪਾਵਾਂ ਕਿਸ ਤਰ੍ਹਾਂ?

ਭੋਗ ਭਗਵਾਨ ਨੂੰ, ਪਿਆਰਾਂ ਦਾ ਲਾਵਾਂ ਕਿਸ ਤਰ੍ਹਾਂ??

ਇੱਕ ਦਿਹਾੜੇ ਸੇਠ ਦਾਮਾ ਜੀ, ਗਏ ਵਿਉਪਾਰ ਨੂੰ।

ਸਬੱਬ ਬਣਾਇਆ ਬੀਠਲੇ, ਪ੍ਰਤਖ ਦਰਸ਼ਨ ਦੀਦਾਰ ਨੂੰ॥

ਜਾਗਿਆ ਸਰਘੀ ਨੂੰ ਬਾਲਕ, ਉਹ ਪੁਜਾਰੀ ਨਾਮ ਦਾ।

ਚੰਦਰ ਭਾਗਾਂ ਦੀ ਨਦੀ ਤੇ, ਜਾ ਕੇ ਮਲਮਲ ਨਹਾਂਵਦਾ॥

ਆਣ ਕੇ ਡੰਡਾਓਤ ਕੀਤੀ, ਆਪਣੇ ਭਗਵਾਨ ਨੂੰ।

ਨਾਲ ਸ਼ਰਧਾ ਦੇ ਨੁਹਾਇਆ, ਆਪਣੇ ਘਨਸ਼ਾਮ ਨੂੰ॥

ਦੁੱਧ ਦੀ ਭਰ ਕੇ ਕਟੋਰੀ, ਫੇਰ ਗਾਵਣ ਲੱਗ ਪਿਆ।

ਭੋਗ ਲਾਓ ਬੀਠਲਾ, ਬੀਠਲਾ ਹੇ ਬੀਠਲਾ॥

ਬਾਪ ਉਸਦਾ ਕਿਸ ਤਰ੍ਹਾਂ, ਦੁੱਧ ਮੋੜ ਕੇ ਘਰ ਲਿਆਂਵੰਦਾ।

ਭੇਤ ਗੁੱਝਾ ਪੂਜਾ ਦਾ, ਨਿਰਛਲ ਬਾਲ ਦਿਲ ਨਾ ਜਾਣਦਾ॥

ਉਸਦੇ ਭਾਣੇ ਤਾਂ ਭਗਵਾਨ, ਰੋਜ਼ ਦੁਧ ਪੀ ਜਾਂਵੰਦੇ।

ਮੈਂ ਹਾਂ ਖ਼ਬਰੇ ਬਾਲ ਛੋਟਾ, ਤਾਂ ਨਹੀਂ ਰਸਨੀ ਲਾਂਵੰਦੇ॥

ਖ਼ਬਰੇ ਪੂਜਾ ਕਰਨ ਵੇਲੇ, ਰਹਿ ਗਈਆਂ ਨੇ ਗਲਤੀਆਂ।

ਹੋ ਗਿਐ ਨਾਰਾਜ਼ ਭਗਵਾਨ, ਮੂੰਹ ਨਹੀਂ ਪਾਂਦਾ ਬੁਰਕੀਆਂ॥

ਕੁਝ ਤਾਂ ਬੋਲੋ, ਨੈਣ ਖੋਲ੍ਹੋ, ਮੁਸਕਰਾਓ ਤੁਸੀਂ ਬੀਠਲਾ।

ਭੋਗ ਲਾਓ, ਕੁਝ ਤਾਂ ਖਾਓ, ਬੀਠਲਾ ਹੇ ਬੀਠਲਾ॥

ਫੇਰ ਅੱਖੀਆਂ ਮੀਟ ਕੇ, ਓਹ ਬਾਲ ਕਰਦਾ ਬੇਨਤੀ।

ਤੂੰ ਸਿਖਾ ਦੇ ਆਪ ਹੀ, ਭਗਵਾਨ ਆਪਣੀ ਆਰਤੀ॥

ਚਰਨ ਫੜ ਕੇ ਬੀਠਲੇ ਦੇ, ਬਾਲ ਰੋਵਣ ਲੱਗ ਪਿਆ।

ਚਰਨ ਓਹ ਭਗਵਾਨ ਦੇ, ਹੰਝੂਆਂ 'ਚ ਧੋਵਣ ਲੱਗ ਪਿਆ॥

ਜੇ ਨਾ ਭਗਵਾਨ ਭੋਗ ਲਾਇਆ, ਮੈਂ ਵੀ ਨਹੀਂ ਕੁਝ ਖਾਵਣਾ।

ਮੈਂ ਵੀ ਭੁੱਖਾ ਤੇ ਪਿਆਸਾ, ਏਸ ਥਾਂ ਮਰ ਜਾਵਣਾ॥

ਵੇਖ ਕੇ ਮਾਸੂਮ ਦੀ, ਇਤਨੀ ਕਠਿਨ ਪ੍ਰਤਿਗਿਆ।

ਉਸ ਪੱਥਰ ਦੇ ਬਣੇ, ਭਗਵਾਨ ਦਾ ਦਿਲ ਧੜਕਿਆ॥

ਹੱਥਾਂ 'ਚ ਹਰਕਤ ਗਈ, ਅੱਖੀਆਂ ਝੱਟ ਖੋਲ੍ਹੀਆਂ।

ਬੀਠਲੇ ਦੀਆਂ ਬੁੱਲ੍ਹੀਆਂ, ਘਬਰਾ ਕੇ ਇਤਨਾ ਬੋਲੀਆਂ॥

ਭੁੱਖ ਲੱਗੀ ਹੈ ਬਹੁਤ, ਪਿਆਰੇ ਭਗਤ ਕੁਝ ਛੇਤੀ ਖਵਾ।

ਬਾਲ ਦੇ ਹੱਥੋਂ ਫੜ ਕਟੋਰੀ, ਦੁਧ ਗਟ ਗਟ ਪੀ ਗਿਆ॥

ਨਿੱਕਿਆਂ ਹੱਥਾਂ ਨੇ ਪਾਈਆਂ, ਨਿੱਕੀਆਂ ਨਿੱਕੀਆਂ ਬੁਰਕੀਆਂ।

ਭੋਗ ਲਾਇਆ ਬੀਠਲੇ, ਨਾਮੇ ਨੂੰ ਚੜ੍ਹੀਆਂ ਮਸਤੀਆਂ॥

ਘੁੱਟ ਕੇ ਲਾਇਆ ਕਾਲਜੇ, ਬੀਠਲੇ ਨੇ ਬਾਲਕਾ।

ਜਿਸ ਤਰ੍ਹਾਂ ਰੁੱਸੇ ਹੋਏ ਬਾਲਕ ਨੂੰ, ਪਿਤਾ ਲੈਂਦਾ ਮਨਾ॥

ਹੇ ਭਗਤ ਜਦ ਵੀ ਤੂੰ ਮੇਰੇ, ਨਾਮ ਦੀ ਰਟ ਲਾਏਂਗਾ।

ਆਪਣੇ ਦਿਲ ਚੋਂ ਹੀ ਦਰਸ਼ਨ, ਬੀਠਲੇ ਦਾ ਪਾਏਂਗਾ॥

📝 ਸੋਧ ਲਈ ਭੇਜੋ