ਭਗਤ ਰਵਿਦਾਸ ਨੂੰ

ਧੁਰ ਕੀ ਬਾਣੀਏਂ ! ਦਿਲਾਂ ਦੀਏ ਰਾਣੀਏ ਨੀਂ !

ਤੇਰੇ ਮੂੰਹ ਲਗਾਮ ਨਾ ਰਹਿਣ ਦੇਣਾ

ਜਿੰਨੀ ਬਾਣੀ ਹੈ ਕਿਰਤ ਦੇ ਫਲਸਫ਼ੇ ਦੀ,

ਨਾਲੇ ਉਹਨੂੰ ਬੇਨਾਮ ਨਾ ਰਹਿਣ ਦੇਣਾ

ਇੱਕੋ ਬਾਪ ਤੇ ਇੱਕੋ ਦੇ ਪੁੱਤ ਸਾਰੇ,

ਹੇ ਰਵਿਦਾਸ ਮੈਂ ਫਿਰ ਦੁਹਰਾ ਰਿਹਾਂ ਹਾਂ

'ਬੇਗਮਪੁਰੇ' ਬਾਰੇ ਤੇਰੇ ਗੀਤ ਸਾਰੇ,

ਇਸ ਰਚਨਾ ਦੇ ਵਿਚ ਸਮਾ ਰਿਹਾ ਹਾਂ

ਇਹ ਨਹੀਂ ਦਰਬਾਰ ਦਿਹੁਰਿਆਂ ਦਾ,

ਕਿਰਤੀ-ਭਗਤ ਦਾ ਜਿਥੇ ਸਨਮਾਨ ਨਹੀਓਂ

ਕਿਰਤੀ-ਕਾਮੇ ਨੂੰ ਨੀਚ ਚੰਡਾਲ ਦੱਸੇ,

ਗੁਰੂ ਗ੍ਰੰਥ ਕੋਈ ਵੇਦ- ਪੁਰਾਣ ਨਹੀਓਂ

ਕਿਰਤੀ ਬ੍ਰਾਹਮਣ ਦੀ ਜੁੱਤੀ ਨੂੰ ਗੰਢ ਕੇ ਤੂੰ,

ਪੁੰਨ ਲੈ ਲਿਆ ਗੰਗਾ ਦੇ ਨਹਾਉਣ ਵਰਗਾ

ਬੇ-ਦੋਸ਼ੀ ਹਰਜੋਟੀ ਛਡਾਉਣ ਖ਼ਾਤਰ,

ਜੇਰਾ ਕਰ ਲਿਆ ਮਰਨ ਮਰਾਉਣ ਵਰਗਾ

ਤੇਰੀ ਰੰਬੀ ਨੇ ਭਰਮਾ ਦੇ ਭੇਦ ਪਾੜੇ,

ਤੇਰੀ ਸੂਈ ਨੇ ਲੋਕਾਂ ਦੇ ਫੱਟ ਸੀਤੇ

ਤੇਰੇ ਟਾਂਕੜੇ ਨੇ ਲਾਇਆ ਅਜਬ ਟਾਂਕਾ,

ਅੱਡੇ ਰਾਠਾਂ ਦੇ ਚੌੜ-ਚੁਪੱਟ ਕੀਤੇ

ਕਿਰਤੀ ਇੱਕ ਜਮਾਤ ਹੈ ਜਾਤ ਨਹੀਓਂ,

ਜਾਤੀ ਭੇਦ ਹੈ ਹੇਜ ਜੰਨੂਨੀਆਂ ਦਾ

ਕੁੰਨਾ ਵਿਚ ਘੁਚੱਲ ਕੇ ਸਾਫ਼ ਕੀਤਾ,

ਕਾਲਾ ਚਿੱਤ ਤੂੰ ਮਜ੍ਹਬੀ ਕਾਨੂੰਨੀਆਂ ਦਾ

ਤੇਰੇ ਗੀਤਾਂ 'ਚੋਂ ਸਮਿਆਂ ਨੇ ਸੇਧ ਲੈ ਕੇ,

ਸਮਾਂ ਸੋਚਣਾ ਕਿਰਤ ਅਜ਼ਾਦੀਆਂ ਦਾ

ਕਦੇ ਹੋਏਗਾ ਹਿੰਦ ਦੀ ਹਿੱਕ ਉੱਤੇ,

ਬੇਗਮਪੁਰਾ ਇੱਕ ਪਿੰਡ ਆਬਾਦੀਆਂ ਦਾ

📝 ਸੋਧ ਲਈ ਭੇਜੋ