ਭਗਤ ਰਵਿਦਾਸ ਨੂੰ ਸ਼ਰਧਾਂਜਲੀ

ਚੋਜਾਂ ਵਾਲਿਆ ਗੁਰੂ ਰਵਿਦਾਸ ਜੀਓ,

ਤੈਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਾਂ

ਤੇਰੀ ਯਾਦ ਵਿਚ ਬੈਠਕੇ ਦੋ ਘੜੀਆਂ,

ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗਾਂ

ਤੇਰੀ ਸੋਹਣੀ ਤਸਵੀਰ 'ਤੇ ਨੀਝ ਲਾ ਕੇ,

ਦਰਸ਼ਨ ਰੱਜ ਕੇ ਪਾਉਣ ਨੂੰ ਜੀਅ ਕਰਦਾ

ਤੇਰੀ ਦਰੇ-ਦਹਿਲੀਜ਼ 'ਤੇ ਰਗੜ ਮੱਥਾ,

ਮੁੜਕੇ ਕਿਸਮਤ ਬਣਾਉਣ ਨੂੰ ਜੀਅ ਕਰਦਾ

ਤੇਰੀ ਰੰਬੀ ਨੇ ਜ਼ੁਲਮ ਦੀ ਖੱਲ ਲਾਹੀ,

ਤੇਰੀ ਸੂਈ ਨੇ ਦੁੱਖਾਂ ਦੇ ਫੱਟ ਸੀਤੇ

ਤੇਰੇ ਟਾਂਕਣੇ ਨੇ ਲਾਇਆ ਅਜਬ ਟਾਂਕਾ,

ਸਾਕਤ ਮੋਮ ਦੇ ਵਾਂਗਰਾ ਲੱਟ ਕੀਤੇ

ਜਿਹੜੀ ਗੰਗਾ ਦੇ ਦਰਸ਼ਨ ਨੂੰ ਜਾਣ ਲੋਕੀਂ,

ਤੇਰੇ ਕੋਲੋਂ ਉਹ ਕੌਡੀਆਂ ਮੰਗਦੀ ਸੀ

ਜਿਥੇ ਲੋਕ ਮਸਾਂ ਮਰ ਮਰ ਕੇ ਅੱਪੜਦੇ ਨੇ,

ਤੇਰੇ ਪੱਥਰ ਦੇ ਹੇਠਾਂ ਦੀ ਲੰਘਦੀ ਸੀ

ਮੈਨੂੰ ਜਾਪਦਾ ਤੇਰੀ ਜੋਤ ਸਦਕਾ,

ਅਛੂਤ ਜਾਤੀਆਂ ਦੀ ਜੋਤ ਜਗਦੀ

ਤੇਰੀ ਜੋਤ 'ਚੋਂ ਨਿਕਲਕੇ ਲਾਟ ਤੱਤੀ,

ਸਿਧੀ ਜ਼ੁਲਮ ਦੇ ਸੀਨੇ ਨੂੰ ਲੱਗਦੀ

ਮੈਨੂੰ ਜਾਪਦਾ ਜ਼ੁਲਮ ਦੀ ਅੱਗ ਅੰਦਰ,

ਅੰਮ੍ਰਿਤ ਸੀ ਤਾਂ ਤੇਰੀ ਤਾਸੀਰ ਦਾ ਸੀ

ਝਗੜਾ ਨਹੀਂ ਸੀ ਛੂਤ-ਅਛੂਤ ਵਾਲਾ,

ਸਾਰਾ ਝਗੜਾ ਗਰੀਬ ਅਮੀਰ ਦਾ ਸੀ

ਮੇਰੇ ਦਾਤਿਆ ਤੇਰੇ ਹੀ ਦੇਸ ਅੰਦਰ,

ਤੇਰੇ ਬੰਦਿਆਂ ਦਾ ਕੌਡੀ ਮੁੱਲ ਨਹੀਓਂ

ਪੈਸੇ ਵਾਲੜੇ ਦੇ ਹੱਥੀਂ ਰੱਬ ਵਿਕਿਆ,

ਜੀਵਨ ਬੰਦੇ ਦਾ ਪੈਸੇ ਦੇ ਤੁੱਲ ਨਹੀਓਂ

ਸੀਨਾ ਜੋਰੀ ਤੇ ਚੋਰ ਬਲੈਕੀਆਂ ਦਾ,

ਲੋਹਾ ਚੱਲਦਾ ਏਸ ਜਹਾਨ ਅੰਦਰ

ਦਸਾਂ ਨਹੁੰਆਂ ਦੀ ਕਿਰਤ ਦੇ ਕਾਮਿਆਂ ਦਾ,

ਕੌਡੀ ਮੁੱਲ ਨਹੀਂ ਹਿੰਦੁਸਤਾਨ ਅੰਦਰ

ਏਥੇ ਧਰਮਾਂ ਤੇ ਮਜ਼ਬਾਂ ਨੇ ਪਾਏ ਪਾੜੇ,

ਇਹਨਾਂ ਬੰਦੇ ਨੂੰ ਬੰਦੇ ਤੋਂ ਵੰਡਿਆ

ਜੇ ਤੂੰ ਨੀਚਾਂ ਤੇ ਊਚਾਂ ਦਾ ਮੇਲ ਕੀਤਾ,

ਇਹਨਾਂ ਧਰਮਾਂ ਨੇ ਏਸ ਨੂੰ ਖੰਡਿਆ

ਤੈਨੂੰ ਤਰਸ ਮਜ਼ਦੂਰ ਮਜ਼ਲੂਮ ਦਾ ਸੀ,

ਨਾਲ ਨੀਵਿਆਂ ਤੇਰੀਆਂ ਯਾਰੀਆਂ ਸੀ

ਗੋਹੜੇ ਰੂੰ ਦੇ ਡੁੱਬਦੇ ਪੰਡਤਾਂ ਦੇ,

ਤੇਰੀ ਪਥਰੀ ਵੀ ਲਾਉਂਦੀ ਤਾਰੀਆਂ ਸੀ

ਅੱਜ ਫੇਰ ਤੂੰ ਆਪਣੀ ਰੂਹ ਘੱਲਦੇ,

ਨਸ਼ਾ ਪੈਸੇ ਦੀ ਤਾਕਤ ਦਾ ਮੁੱਕ ਜਾਵੇ

ਊਚ ਨੀਚ ਦਾ ਰੇੜਕਾ ਮੁੱਕ ਜਾਵੇ,

ਪਾਣੀ ਦੁੱਖਾਂ ਤੇ ਜ਼ੁਲਮਾਂ ਦਾ ਸੁੱਕ ਜਾਵੇ

📝 ਸੋਧ ਲਈ ਭੇਜੋ