ਭਾਈ ਘਨੱਈਏ ਦੀ ਪੇਸ਼ੀ

ਜੂਝਦੇ ਸਿਪਾਹੀਆਂ ਨੂੰ, ਮੌਤ ਦਿਆਂ ਰਾਹੀਆਂ ਨੂੰ,

ਛੱਡ ਆਇਆਂ ! ਆਉਣਾ ਸੀ ਜ਼ਰੂਰ

ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ,

ਛੇਤੀ ਹਾਜ਼ਰੀ ਲਾ ਮੋੜ ਦੇ ਹਜ਼ੂਰ

ਭਰ ਭਰ ਝੋਲੀਆਂ ਤੂੰ ਦਯਾ ਦੀ ਨਜ਼ਰ ਦਿੱਤੀ,

ਇਹਦੇ 'ਚ ਦੁਰੇਜਾ ਪੈ ਨਹੀਂ ਸਕਦਾ

ਤੇਰੀ ਦਿੱਤੀ ਦਾਤ ਮੂਹਰੇ ਅੱਡੇ ਜੇ ਵੈਰੀ ਬੁੱਕ,

ਖਾਲੀ ਰਹਿ ਜੇ, ਮੈਂ ਇਹ ਸਹਿ ਨਹੀਂ ਸਕਦਾ

ਯਾਰੜੇ ਦੇ ਸੱਥਰਾਂ ਤੋਂ ਸਾਂਭਿਆ ਨੀ ਜਾਂਦਾ,

ਤੇਰੀ ਸੂਲਾਂ ਦੀ ਸੁਰਾਹੀ ਦਾ ਸਰੂਰ

ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ........

ਇਹਨਾਂ ਨੂੰ ਵੀ ਟੁੱਕ ਉੱਤੇ ਜਾਣਦੇ ਨੇ,

ਜਿੰਨੇ ਵੀ ਔਰੰਗਿਆਂ ਦੇ ਯਾਰ ਨੇ

ਕੀਹਦਾ ਚਿੱਤ ਕਰਦੈ ਕਿ ਮਰਾਂ ਪਰ ਇਹ ਮਰਦੇ ਨੇ,

ਕਿਉਂਕਿ ਤੰਗ ਤੇ ਬੇ-ਕਾਰ ਨੇ

ਅੰਨ੍ਹੇ ਪਿਉ ਦੀ ਸੋਟੀ, ਧੀਆਂ, ਭੈਣਾਂ ਦੀਆਂ ਇਹ ਤਾਂ,

ਸੱਜ ਵਿਆਂਦੜਾਂ ਦੇ ਮਾਂਗ ਦੇ ਸੰਧੂਰ

ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ........

ਔਹ ਕੋਈ ਅੱਲਾ ! ਅੱਲਾ !! ਕਰੇ,

ਜੀਹਦੀ ਜ਼ਰ, ਜ਼ੋਰੂ ਉੱਤੇ ਨੀਤ ਹੈ ਕਰੋੜੀਏ ਕਰਾੜ ਦੀ

ਨਾਲ ਹੀ ਪਰੇ ਹੈ ਕੋਈ ਵਾਹਿਗੁਰੂ ਬੋਲੇ,

ਜੀਹਦੀ ਸ਼ਾਦੀ ਸੀਗੀ ਪਿਛਲੇ ਹੀ ਹਾੜ ਦੀ

ਜਾਤ-ਪਾਤ ਨਾਲੋਂ ਜ਼ਿਆਦਾ ਮਾਣਦਾ ਜਮਾਤ,

ਤੇਰੇ ਖੰਜਰ ਪਿਆਲੇ ਦਾ ਸਰੂਰ

ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ........

ਇਨ੍ਹਾਂ ਨੂੰ ਜਮਾਤੀ ਯੁੱਧ ਦੀ ਜੇ ਜ਼ਰਾ ਸੂਝ ਹੁੰਦੀ,

ਕਾਹਨੂੰ ਇਹ ਸ਼ਰੀਕਾਂ ਨਾਲ ਖੜ੍ਹਦੇ

ਬੁੱਧੂ ਸ਼ਾਹ ਦੇ ਪੀਰਾ ! ਪੀਰ ਜੱਗ ਦਾ ਬਣਾ ਕੇ,

ਤੈਨੂੰ ਵੈਰੀਆਂ ਦੇ ਘੇਰਿਆਂ 'ਚੋਂ ਕੱਢਦੇ

ਤੇਰੀ ਹਾਜ਼ਰੀ 'ਚ ਪਾਣੀ ਪਿਆਸੜੇ ਨੂੰ ਦੇਣਾ,

ਮੈਨੂੰ ਏਦੂੰ ਵੱਡਾ ਹੋਣਾ ਕੀ ਗ਼ਰੂਰ

ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ........

ਕਣਕਾਂ ਨੂੰ ਆਊਗਾ ਪਸੀਨਾ ਡੁੱਲੇ ਖ਼ੂਨ ਦਾ ਜਾ,

ਜੋਰੀ ਜਰਵਾਣੇ ਰਹਿ ਨੀ ਸਕਣੇ

ਭਾਈ, ਮੁੱਲਾਂ, ਪਾਦਰੀ, ਦੇ ਫੇਰ ਰਾਜ ਮਹਿਲਾਂ ਵਿੱਚ,

ਫਿਰਕੂ ਠਿਕਾਣੇ ਰਹਿ ਨੀ ਸਕਣੇ

ਤੇਰੀ ਦਿੱਤੀ ਅਜੇ ਭਰੀ ਦੀ ਭਰਾਈ,

ਇਹ ਨਾ ਊਣੇ ਅਜੇ, ਨੱਕੋ ਨੱਕ ਨੂਰ

ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ........

ਜੂਝਦੇ ਸਿਪਾਹੀਆਂ ਨੂੰ, ਮੌਤ ਦਿਆਂ ਰਾਹੀਆਂ ਨੂੰ,

ਛੱਡ ਆਇਆਂ ! ਆਉਣਾ ਸੀ ਜ਼ਰੂਰ

ਪਿੱਛੇ ਵੇਖ ਕਿੰਨੇ ਹੱਥ ਕੱਢਦੇ ਨੇ ਹਾੜੇ,

ਛੇਤੀ ਹਾਜ਼ਰੀ ਲਾ ਮੋੜ ਦੇ ਹਜ਼ੂਰ

📝 ਸੋਧ ਲਈ ਭੇਜੋ