ਮੇਰੀ ਭੈਣ ਸਵਿਤੱਰੀਏ ਅਜ
ਕਿਉਂ ਰੋਨੀ ਏਂ ?
ਇਹ ਤੇ ਸ਼ੋਕ-ਸਭਾ ਨਹੀਂ ਕੋਈ !
ਇਹ ਵਿਦਵਾਨ ਕਵੀ ਤੇ ਲੇਖਕ
ਹਰ ਸੂਬੇ ਨੇ ਚੁਣ ਕੇ ਭੇਜੇ
ਮਿਲ ਬੈਠੇ ਨੇ ਇਸ ਹਾਲ ਅੰਦਰ !
ਸਨਮਾਨਤ ਕਰਦੇ ਨੇ ਇਹ ਸਭ
ਡਾਇਸ ਤੇ ਬੈਠੇ ਤੇਰਾਂ ਨੂੰ
ਜਿਨ੍ਹਾਂ ਵਿਚੋਂ ਇਕ ਤੂੰ ਵੀ ਹੈਂ।
ਤੈਨੂੰ ਵੀ ਸਨਮਾਨ ਮਿਲੇਗਾ।
ਫਿਰ ਵੀ ਭੈਣ ਸਵਿਤਰੀਏ ਤੂੰ
ਰੋਂਦੀ ਏਂ ਤੇ
ਨੈਣਾਂ ਵਿਚੋਂ ਨੀਰ ਬਹਾ ਕੇ
ਮੇਰੇ ਵਰਗੇ ਜਜ਼ਬਾਤੀ ਨੂੰ
ਅਪਣੇ ਨਾਲ ਰੁਆਨੀ ਏਂ ਕਿਉਂ ?
ਅਜ ਤੇ ਨਾ ਰੋ ਏਸ ਤਰਾਂ ਤੂੰ
ਮੇਰੀ ਭੈਣ ਸਵਿਤਰੀਏ ਅਜ
ਕਿਉਂ ਰੋਨੀ ਏਂ ?
ਦੋ ਪੰਜਾਬੀ ਨੇ ਤੇਰਾਂ ਚੋਂ,
ਇਸ ਦੀ ਬਹੁਤ ਖ਼ੁਸ਼ੀ ਹੈ ਮੈਨੂੰ ।
ਇਕ ਪੰਜਾਬਣ, ਇਕ ਪੰਜਾਬੀ।
ਅੱਛਾ ? ਅੱਛਾ !
ਤੂੰ ਡੁੱਗਰ ਲੋਕਾਂ ਦੀ ਜਾਈ !
ਫਿਰ ਵੀ ਕੋਈ ਫਰਕ ਨਹੀਂ ਹੈ,
ਉਹ ਵੀ ਹੁੰਦੇ ਨੇ ਪੰਜਾਬੀ।
ਤੂੰ ਵੀ ਪੰਜਾਬਣ ਲਗਦੀ ਏਂ ।
ਉਹੀਓ ਚਿਹਰਾ ਮੋਹਰਾ ਤੇਰਾ
ਨਕਸ਼ ਵੀ ਪਹਿਰਾਵਾ ਵੀ ਉਹੀਓ
ਤੇ ਤੱਕਣੀ ਪੰਜਾਬਣ ਵਰਗੀ
ਫ਼ਰਕ ਬੜਾ ਥੋੜਾ ਹੈ ਭੈਣੇ
ਫ਼ਰਕ ਹੈ ਕੇਵਲ ਕਹਿਣੇ ਮਾਤਰ।
ਯੋਧਾ ਤੇ ਬਲਕਾਰ ਹੈ ਜਿਹੜਾ
ਉਸ ਡੁੱਗਰ ਦੀ ਧੀ ਹੋ ਕੇ ਤੇ
ਸਿਰ-ਲਥ ਪੰਜਾਬੀ ਸੂਰੇ ਦੀ
ਭੈਣ ਛੁਟੇਰੀ ਹੋ ਕੇ ਏਦਾਂ
ਅਜ ਦੇ ਦਿਨ ਤੂੰ
ਕਿਉਂ ਰੋਨੀ ਏ ?
ਅਜ ਤੈਨੂੰ ਸਨਮਾਨ ਮਿਲੇਗਾ ।
ਤੂੰ ਜਦ ਭਾਸ਼ਣ ਦੇਵੇਂਗੀ ਤਾਂ
ਗੂੰਜ ਉਠੇਗਾ ਹਾਲ ਇਹ ਸਾਰਾ ।
ਸਾਰਾ ਦੇਸ਼ ਸੁਣੇਗਾ ਉਸਨੂੰ
ਵਾਹ-ਵਾਹ ਹੋਵੇਗੀ ਸਭ ਪਾਸੇ।
ਏਸ ਖ਼ੁਸ਼ੀ ਦੇ ਮੌਕੇ ਤੇ ਤੂੰ
ਕਿਉਂ ਰੋਨੀ ਏਂ ?
ਨਾ ਰੋ ਭੈਣ ਸਵਿੱਤਰੀਏ ਅਜ
ਕਿਉਂ ਰੋਨੀ ਏਂ ?
ਅੱਛਾ ? ਅੱਛਾ ਤਾਂ ਤੂੰ ਅਪਣੇ
ਸਹਿਤਕਾਰ ਪਤੀ ਦੀ ਥਾਵੇਂ
ਸਨਮਾਨਤ ਕੁਰਸੀ ਤੇ ਬੈਠੀ,
ਨੈਣਾਂ ਵਿਚੋਂ ਨੀਰ ਵਹਾ ਕੇ,
ਤਪਦਾ ਹਿਰਦਾ ਠਾਰ ਰਹੀ ਏਂ !
ਏਦਾਂ ਹਿਰਦਾ ਠਰ ਜਾਏਗਾ ?
ਸੋਚ ਜ਼ਰਾ ਮੇਰੀ ਭੈਣੇ ਤੂੰ
ਏਦਾਂ ਤੇਰੇ ਧੁਖਦੇ ਦਿਲ ਤੋਂ
ਦਰਦ ਕਿਨਾਰਾ ਕਰ ਜਾਏਗਾ ?
ਇਹ ਦੁਖੜੇ ਕਹਿਰਾਂ ਦੇ ਦੁਖੜੇ
ਇਹ ਰੋਣੇ ਉਮਰਾਂ ਦੇ ਰੋਣੇ।
ਇਹ ਗ਼ਮ ਧੁਖਦੀ ਧੂਣੀ ਵਾਂਗੂੰ
ਧੁਖਦਾ ਹੀ ਰਹਿਣਾ ਹੈ ਭੈਣੇ !
ਇਹ ਧੂਣੀ ਧੁਖਦੀ ਰਹਿਣੀ ਹੈ।
ਇਹ ਨਹੀਂ ਓਸ ਭਵਾਕੇ ਵਾਂਗੂੰ
ਇਕੋ ਵਾਰ ਜੋ ਮਚ ਉਠਦਾ ਹੈ
ਜੋ ਹਰ ਇਕ ਨੂੰ ਰਾਖ ਬਣਾ ਕੇ
ਪਿੱਛੋਂ ਆਪੇ ਬੁਝ ਜਾਂਦਾ ਹੈ।
ਇਹ ਇੰਜ ਆਪੇ ਮਰ ਜਾਏਗਾ ?
ਤੇਰਾ ਹਿਰਦਾ ਠਰ ਜਾਏਗਾ ?
ਦਰਦ ਕਿਨਾਰਾ ਕਰ ਜਾਏਗਾ ?
ਨਹੀਂ ਭੈਣੇ ਏਦਾਂ ਨਹੀਂ ਹੋਣੀ;
ਇਹ ਰੋਣਾਂ ਉਮਰਾਂ ਦਾ ਰੋਣਾ,
ਛਡਦੇ ਤੂੰ ਇਹ ਰੋਣਾ ਧੋਣਾ,
ਨਾ ਰੋ ਭੈਣ ਸਵਿੱਤਰੀਏ ਅਜ
ਕਿਉਂ ਰੋਨੀ ਏਂ ?
ਪੀ ਪਰਦੇਸ ਸਿਧਾਰ ਗਇਆ ਹੈ ?
ਏਸੇ ਕਾਰਨ ਰੋਨੀ ਏ ਤੂੰ ?
ਕਿਉਂਕਿ ਤੈਨੂੰ ਬਿਰਹੋਂ ਦੇਕੇ
ਜੀਉਂਦੇ ਜੀ ਹੀ ਮਾਰ ਗਇਆ ਹੈ ?
ਪਰ ਉਸਦਾ ਕੀ ਦੋਸ਼ ਹੈ ਭੈਣੇ ?
ਇਹ ਤਾਂ ਕੁਦਰਤ ਦਾ ਭਾਣਾ ਹੈ ।
ਜੋ ਆਇਆ ਉਸਨੇ ਜਾਣਾ ਹੈ ;
ਟੁਟ ਜਾਣਾ ਘੜਿਆ ਹੋਇਆ;
ਜੋ ਜੰਮਿਆ ਹੈ ਉਸ ਮਰਨਾ ਹੈ ।
ਤੂੰ ਨਈਂ ਕੱਲੀ ਇਸ ਜਗ ਅੰਦਰ
ਹੋਰ ਬੜੇ ਰੋਣੇ ਵਾਲੇ ਨੇ ।
ਕੋਈ ਅਪਣੇ ਨੂੰ ਰੋਂਦਾ ਹੈ;
ਯਾਦ ਅਪਣੇ ਨੂੰ ਕਰਦੈ ਕੋਈ।
ਯਾਦ ਸਤਾਉਂਦੀ ਹੈ ਤਾਂ ਉਸਦਾ
ਦਿਲ ਦੁਖਦਾ ਹੈ, ਜੀ ਖੁਸਦਾ ਹੈ ।
ਬਿਹਬਲ ਹੋ ਕੇ, ਘਾਇਲ ਹੋ ਕੇ
ਅਪਣੇ ਦਿਲ ਤੋਂ ਪੁਛਦਾ ਹੈ ਉਹ;
"ਕਦ ਆਏਗਾ ਮੇਰਾ ਮਾਹੀ
ਜੋ ਹੈ ਮੇਰੇ ਦਿਲ ਦਾ ਮਹਿਰਮ ।
ਮੇਰੇ ਵਿਹੜੇ ਆਉਂਣ ਲਈ ਉਹ
ਕਰਦੈ ਕਿਉਂ ਏਨੀ ਕੋਤਾਹੀ ?
ਦਰਦ ਨਹੀਂ ਕੀ ਉਸਨੂੰ ਮੇਰਾ ।
ਉਹ ਮੇਰਾ ਹਮਦਰਦ ਰਿਹਾ ਨਈਂ ?
ਉਸ ਸੁਹਣੇ ਦੇ ਦਿਲ ਦੇ ਅੰਦਰ,
ਕੀ ਹੁਣ ਮੇਰਾ ਦਰਦ ਰਿਹਾ ਨਈਂ ?”
ਇਹ ਗਲ ਤਾਂ ਮਾਲੂਮ ਹੈ ਉਸਨੂੰ
ਮੁੜਿਆ ਨਹੀਂ ਇਕ ਵਾਰ ਗਇਆ ਜੋ ।
ਅਣਹੋਣੀ ਤਾਂ ਅਣਹੋਣੀ ਹੈ ।
ਮੋਇਆ ਹੋਇਆ ਜਾਨੀ ਤੇਰਾ
ਹੁਣ ਉਸਨੇ ਨਹੀਂ ਪਾਉਣਾ ਫੇਰਾ ।
ਕਰ ਲੈ ਬੀਬੀ ਕਰੜਾ ਜੇਰਾ
ਦੂਰ ਉਸਨੇ ਅਖੀਆਂ ਤੋਂ ਰਹਿਣਾ ।
ਹੁਣ ਨਹੀਂ ਉਸਨੇ ਆਕੇ ਕਹਿਣਾ;
“ਤੈਨੂੰ ਮਿਲਨੇ ਨੂੰ ਆਇਆ ਹਾਂ।
ਤੇਰੇ ਦਿਲ ਦੀ ਫੁਲਵਾੜੀ ਨੂੰ
ਮੁੜ ਆਬਾਦ ਕਰਨ ਆਇਆ ਹਾਂ ।
ਮੇਰੇ ਸਾਜਨ ਦਿਲ ਦੇ ਮਹਿਰਮ ।
ਕਿਉਂ ਰੋਨਾਂ ਏਂ ਮੈਨੂੰ ਏਦਾਂ ?
ਆਹ ਲੈ ਮੇਰਾ ਦਰਸ਼ਨ ਕਰ ਲੈ
ਪਿਆਸ ਮਿਟਾ ਲੈ ਅਪਣੇ ਦਿਲ ਦੀ
ਅਪਣੀ ਖਾਲੀ ਝੋਲੀ ਭਰ ਲੈ !"
ਪਰ ਭੈਣੇ ਇਹ ਹੈ ਅਨਹੋਣੀ !
ਕੌਣ ਆਇਆ ਤੇ ਕੌਣ ਆਏਗਾ ?
ਕਿਹੜਾ ਮੁੜ ਫੇਰਾ ਪਾਏਗਾ ?
ਇਹ ਅਨਹੋਣੀ ਹੈ ਪਰ ਫਿਰ ਵੀ
ਇਹੀਓ ਤੇਰੀ ਆਸ ਬਣੇਗੀ,
ਇਹੀਓ ਹੁਣ ਧਰਵਾਸ ਬਣੇਗੀ ।
ਪਿਰ ਪਰਦੇਸ ਸਿਧਾਇਆ ਜਿਹੜਾ
ਉਸਨੇ ਨਈਂ ਹੁਣ ਵਾਪਸ ਆਉਣਾ,
ਤੇਰੇ ਘਰ ਨਈਂ ਫੇਰਾ ਪਾਉਣਾ,
ਹੁਣ ਨਈਂ ਉਹਨੇ ਏਧਰ ਭਉਣਾ:
ਮੁਖ ਮੁੜ ਕੇ ਨਈਂ ਓਸ ਵਿਖਾਉਣਾ ।
ਜੇ ਦੁਨੀਆਂ ਦੀ ਰੀਤ ਏਹੀ ਹੈ;
ਜੇ ਏਦਾਂ ਕੁੜ੍ਹਨਾ ਹੈ ਸਭ ਨੇ;
ਜੇ ਹਰ ਇਕ ਦਾ ਦਿਲ ਧੁਖਣਾ ਹੈ;
ਜੇ ਚਲਣਾ ਹੈ ਗ਼ਮ ਦਾ ਚੱਕਰ;
ਜੇ ਹਰ ਦਿਲ ਹੈ ਜ਼ਖ਼ਮੀ ਹੋਣਾ
ਤੇਰਾ ਮੇਰਾ ਤੇ ਸਭਨਾ ਦਾ ।
ਜੇਕਰ ਤੂੰ ਕੱਲੀ ਨਈਂ ਏਦਾਂ ।
ਤਾਂ ਅਜ ਦੇ ਦਿਨ ਮੇਰੀ ਭੈਣੇ
ਨੈਣਾਂ ਵਿਚੋਂ ਨੀਰ ਵਹਾਕੇ
ਮੇਰੇ ਵਰਗੇ ਜਜ਼ਬਾਤੀ ਨੂੰ
ਅਪਣੇ ਵਾਂਗ ਰੁਆ ਨਾ ਏਦਾਂ
ਤਾਂ ਜੋ ਤੈਨੂੰ ਪੁਛ ਨ ਸਕਾਂ ਮੈਂ :
‘ਮੇਰੀ ਭੈਣ ਸਵਿਤਰੀਏ ਤੂੰ
ਕਿਉਂ ਰੋਨੀ ਏਂ ?'
ਹਾਂ ਹਾਂ ਇਹ ਵੀ ਠੀਕ ਕਿਹਾ ਤੂੰ
ਹੰਝੂ ਧੋ ਦੇਂਦੇ ਨੇ ਦਿਲ ਨੂੰ
ਗ਼ਮ ਦੀ ਮੈਲ ਖਲੇਪੜ ਬਣ ਕੇ
ਦਿਲ ਦੇ ਉੱਤੇ ਜਮ ਜਾਂਦੀ ਹੈ,
ਹੰਝੂ ਉਸਨੂੰ ਧੋ ਦੇਂਦੇ ਹਨ ।
ਪਰ ਰਹਿ ਜਾਂਦੈ ਜਿਹੜਾ ਹੰਝੂ
ਸੋਗ ਮਨਾਉਣੇ ਵਾਲੇ ਦਿਲ ਵਿਚ
ਉਹ ਨੁਕਸਾਨ ਬੜਾ ਕਰਦਾ ਹੈ ।
ਦਿਲ ਨੂੰ ਹੀਰਾ ਕਹਿੰਦੇ ਨੇ ਸਭ
ਉਧਰ ਹੰਝੂ ਵੀ ਹੀਰਾ ਹੈ ।
ਛੋਟਾ ਜਿੰਨਾ ਹੈ ਇਹ ਭਾਵੇਂ
ਪਰ ਇਹ ਹੀਰੇ ਦਾ ਟੁਕੜਾ ਹੈ।
ਹੀਰਾ ਹੀਰੇ ਨੂੰ ਕਟਦਾ ਹੈ
ਏਸ ਲਈ ਉਹ ਚੰਗਾ ਹੁੰਦੈ
ਜੋ ਹੰਝੂ ਬਾਹਰ ਆ ਜਾਏ ।
ਜੇ ਦਿਲ ਤੋਂ ਬਾਹਰ ਨਾ ਆਇਆ
ਹੰਝੂ ਦਿਲ ਨੂੰ ਚੀਰ ਦਏਗਾ।
ਉਂਜ ਵੀ ਦਾਨੇ ਫਰਮਾਉਂਦੇ ਨੇ :
“ਜੇ ਹੰਝੂ ਬਾਹਰ ਆ ਜਾਏ
ਦਿਲ ਹੋ ਜਾਂਦੈ ਹਲਕਾ ਫੁਲਕਾ
ਬੋਝ ਨਹੀਂ ਫਿਰ ਉਸਤੇ ਰਹਿੰਦਾ
ਕੋਈ ਵੀ ਉਲਫ਼ਤ ਦੇ ਗ਼ਮ ਦਾ।
ਹਾਲਤ ਹੋ ਜਾਂਦੀ ਹੈ ਏਦਾਂ
ਜਿੱਦਾਂ ਜ਼ੋਰ ਦੀ ਬਾਰਸ਼ ਪਿੱਛੋਂ
ਠੰਡ-ਠੰਢਾਉਲਾ ਹੋ ਜਾਂਦਾ ਹੈ।”
ਏਸੇ ਕਾਰਨ ਜੇ ਰੋਨੀ ਏਂ
ਮੇਰੀ ਭੈਣ ਸਵਿੱਤਰੀਏ ਤੂੰ
ਤਾਂ ਵੀ ਨਾ ਰੋ !
ਇਹ ਤਾਂ ਸਚ ਹੈ ਮੇਰੀ ਭੈਣੇ
ਭੁਲ ਨਹੀਂ ਸਕਦਾ ਅਪਣਾ ਪਿਆਰਾ !
ਪਿਆਰਾ ਵੀ ਉਹ ਜੋ ਸੀ ਪਿਆਰਾ
ਪਿਆਰੇ ਪਿਆਰੇ ਲੋਕਾਂ ਦਾ ਤੇ
ਜਿਸਦੇ ਦਿਲ ਵਿਚ ਇਨਸਾਨਾਂ ਦੀ
ਸੇਵਾ ਦਾ ਜਜ਼ਬਾ ਸੀ ਤੇ ਜੋ
ਦੂਜੇ ਨੂੰ ਸੁਖ ਦੇਣ ਲਈ ਸੀ
ਆਪੇ ਦੀ ਕੁਰਬਾਨੀ ਦੇਂਦਾ।
ਏਹੋ ਹੀ ਜੀਵਣ ਹੈ ਬੀਬੀ
ਜੋ ਜਿਉਂਦਾ ਹੈ ਦੂਜੇ ਖ਼ਾਤਰ
ਉਸਦਾ ਜੀਵਣ ਲੇਖੇ ਲਗਦੈ ।
ਲਾਲੀ ਦਜੇ ਦੇ ਨੈਣਾਂ ਦੀ
ਰੜਕੇ ਜਿਸਦੀਆਂ ਅਖੀਆਂ ਅੰਦਰ
ਦੂਜੇ ਦੇ ਦੁੱਖਾਂ ਨੂੰ ਜਿਹੜਾ
ਅਪਣਾ ਹੀ ਦੁਖ ਸਮਝੇ ਤੇ ਜੋ
ਆਪਾ ਘੋਲ ਘੁਮਾਉਂਦੈ ਅਪਣੇ
ਲੋਕਾਂ ਖ਼ਾਤਿਰ ਬੋਲੀ ਖ਼ਾਤਿਰ
ਬੋਲੀ ਵੀ ਤੇ ਮਾਂ ਹੁੰਦੀ ਹੈ ।
ਜਿਹੜਾ ਇਸ ਤੋਂ ਮੁਨਕਿਰ ਹੁੰਦੈ
ਓਸ ਕਪੁੱਤਰ ਦਾ ਕੀ ਜੀਣਾ।
ਜੋ ਮਾਂ ਦਾ ਨਹੀਂ ਪੁੱਤਰ ਪਿਆਰਾ
ਜਿਸਨੂੰ ਮਾਂ ਦਾ ਦਰਦ ਨਹੀਂ ਹੈ
ਲੋਕਾਂ ਦਾ ‘ਹਮਦਰਦ' ਨਹੀਂ ਤੇ
ਜਿਹੜਾ ਤੋਤਾ ਚਸ਼ਮੀ ਕਰਦੈ।
ਮਾਂ ਦੀ ਸਾਂਝ ਗਵਾਕੇ ਕਹਿੰਦੈ
“ਜਦ ਮਾਂ ਮੇਰੀ ਕੁਝ ਨਹੀਂ ਲਗਦੀ
ਤਾਂ ਇਹ ਮੇਰੇ ਭਾਈ ਕਾਹਦੇ ?"
ਕੌਣ ਕਪੁੱਤਰ ਨੂੰ ਰੋਏਗਾ ?
ਤੂੰ ਹੀ ਦਸਦੇ ਮੇਰੀ ਭੈਣੇ ।
ਕੌਣ ਕਪੁੱਤਰ ਨੂੰ ਰੋਏਗਾ !
ਰੋਂਦਾ ਹੈ ਸਾਰਾ ਜਗ ਉਸਨੂੰ
ਜਿਸਦੇ ਦਿਲ ਵਿਚ ਲੋਕ ਭਲਾਈ
ਤੇ ਸਾਂਝਾਂ ਦਾ ਜਜ਼ਬਾ ਹੁੰਦੈ।
ਪਰ ਜੋ ਹੈ ਸੀ ਅਪਣੀ ਮਾਂ ਦਾ
ਸੱਚਾ ਪੁੱਤਰ, ਸੱਚਾ ਸੇਵਕ
ਕਿੱਦਾਂ ਭੁਲੇਗਾ ਉਹ ਪਿਆਰਾ
ਤੈਨੂੰ ਮੈਨੂੰ ਤੇ ਸਭਨਾਂ ਨੂੰ ।
ਉਹ ਨਹੀਂ ਭੁਲਣਾ, ਉਹ ਨਹੀਂ ਭੁਲਣਾ।
ਪਰ ਫਿਰ ਵੀ ਅਜ ਰਾਣੀ ਭੈਣੇ
ਡੋਲ੍ਹ ਨਾ ਏਸ ਤਰਾਂ ਤੂੰ ਅਪਣੇ
ਨੈਣਾਂ ਵਿਚੋਂ ਪਾਣੀ ਭੈਣੇ ।
ਰੋਨੀ ਏਂ ਤੂੰ ਏਸ ਤਰਾਂ ਤੇ
ਮੇਰੇ ਵਰਗੇ ਜਜ਼ਬਾਤੀ
ਅਪਣੇ ਨਾਲ ਰੁਆਨੀ ਏਂ ਕਿਉਂ ?
ਮੇਰੀ ਭੈਣ ਸਵਿੱਤਰੀਏ ਤੂੰ
ਕਿਉਂ ਰੋਨੀ ਏਂ !
ਮੇਰੀ ਗਲ ਮੰਨੇਗੀ ਭੈਣੇ ।
ਪਿਆਰੇ ਕਾਰਨ ਰੋ ਨਾ ਏਦਾਂ ।
ਗ਼ਮ ਦੀ ਚੱਕੀ ਝੋ ਨਾ ਏਦਾਂ।
ਭੈਣੇ ! ਇਸਦੇ ਉਲਟ ਸਗੋਂ ਤੂੰ
ਉਸਦੀ ਯਾਦ ਛੁਪਾ ਲੈ ਦਿਲ ਵਿਚ ।
ਉਸਨੇ ਨਹੀਂ ਮਿਲਣਾ ਹੁਣ ਤੈਨੂੰ
ਉਸਦੀ ਸੇਜ ਸਜਾ ਲੈ ਦਿਲ ਵਿਚ ।
ਭਟਕਣ ਮਿਟ ਜਾਏਗੀ ਤੇਰੀ
ਉਸਦਾ ਵੇਸ ਵਸਾ ਲੈ ਦਿਲ ਵਿਚ।
ਲੋਕਾਂ ਦਾ ਅਹਿਸਾਸ ਸੀ ਉਸਨੂੰ
ਇਹ ਅਹਿਸਾਸ ਵਸਾ ਲੈ ਦਿਲ ਵਿਚ ।
ਤੇਰਾ ਦੁਖ ਘੁਲਮਿਲ ਜਾਏਗਾ
ਲੋਕਾਂ ਦਾ ਦੁਖ ਪਾ ਲੈ ਦਿਲ ਵਿਚ ।
ਜੀਣਾ ਮਰਨਾ ਲੋਕਾਂ ਖ਼ਾਤਰ
ਏਹੀ ਚੇਟਕ ਲਾ ਲੈ ਦਿਲ ਨੂੰ
ਏਹੀ ਮਿਸ਼ਨ ਬਿਠਾ ਲੈ ਦਿਲ ਵਿਚ ।
ਕੰਮ ਕਰਨਾ ਹੈ, ਕੰਮ ਕਰਨਾ ਹੈ
ਇਹੀ ਬਣਤ ਬਣਾ ਲੈ ਦਿਲ ਵਿਚ।
ਪਰ ਇਹ ਗਲ ਵੀ ਚੇਤੇ ਰੱਖੀਂ
ਦਰਦਾ ਦਾ ਅੰਬਾਰ ਬਣੇ ਜਦ
ਤੇ ਦੁਖ ਭੁੱਲਣ ਖ਼ਾਤਰ ਕੋਈ
ਨਾਜ਼ਕ ਦਿਲ ਤੇ ਭਾਰ ਰਹੇ ਜਦ
ਦਿਲ ਦਾ ਰੋਗੀ ਬਣ ਜਾਂਦਾ ਹੈ।
ਪੈ ਜਾਂਦਾ ਹੈ ਮੰਜੇ ਉੱਤੇ
ਪੂਰਾ ਸੋਗੀ ਬਣ ਜਾਂਦਾ ਹੈ।
ਕੁਝ ਕੁ ਸਮਾਂ ਲਗਦਾ ਹੈ ਉਸਨੂੰ
ਠੀਕ ਤਬੀਅਤ ਕਰਨ ਲਈ ਤੇ
ਖ਼ਤਰਾ ਰਹਿੰਦਾ ਹੈ ਇਹ ਉਸਨੂੰ
ਫੇਰ ਨਹੀਂ ਕੰਮ ਕਰ ਸਕਦਾ ਉਹ
ਜਿੰਨਾਂ ਪਹਿਲਾਂ ਕਰ ਸਕਦਾ ਸੀ।
ਤਾਂ ਤੇ ਸਹਿਜ ਅਵਸਸਾ ਖ਼ਾਤਰ
ਸ਼ਿੱਦਤ ਗ਼ਮ ਦੀ ਘਟ ਕਰਨੀ ਹੈ ।
ਬਹੁਤਾ ਰੋਣਾ ਵੀ ਚੰਗਾ ਨਹੀਂ।
ਤਾਂ ਹੀ ਤੇ ਕਹਿੰਦਾ ਹਾਂ ਨਾ ਰੋ
ਮੇਰੀ ਭੈਣ ਸਵਿਤਰੀਏ ਤੂੰ
ਕਿਉਂ ਰੋਂਨੀ ਏ ?