ਬੇਬਲ ਗਰਮੀ ਦੇ ਨਾਲ ਸੰਸਾਰ ਹੋਇਆ,
ਸੂਰਜ ਧਰਤੀ ਤੇ ਅੱਗ ਵਰਸਾ ਰਿਹਾ ਸੀ।
ਪੱਥਰ ਪੰਘਰ ਕੇ ਪਰਬਤ ਹਿਮਾਲਿਆ ਦੇ,
ਜਿਵੇਂ ਲਾਵਾ ਕੋਈ ਵਹਿੰਦਾ ਜਾ ਰਿਹਾ ਸੀ।
ਬਚਣ ਲਈ ਇਸ ਅੱਗ ਦੀ ਲੂਅ ਕੋਲੋਂ,
ਕੀ ਕੀ ਅਮਲ ਇਨਸਾਨ ਕਮਾ ਰਿਹਾ ਸੀ।
ਕੋਈ ਵਲ ਕਸ਼ਮੀਰ ਦੇ ਜਾ ਰਿਹਾ ਸੀ,
ਕੋਈ ਮੜ੍ਹੀ ਅੰਦਰ ਡੇਰੇ ਲਾ ਰਿਹਾ ਸੀ।
ਐਸ ਕਹਿਰਾਂ ਦੀ ਗਰਮੀ ਦੀ ਲੂਅ ਅੰਦਰ,
ਪੰਚਮ ਪਾਤਸ਼ਾਹ ਕੌਤਕ ਵਿਖਾ ਰਹੇ ਨੇ।
ਤਪਦੀ ਰੇਤ ਪਵਾ ਕੇ ਬਦਨ ਉੱਤੇ,
ਠੰਡ ਵਿੱਚ ਸੰਸਾਰ ਦੇ ਪਾ ਰਹੇ ਨੇ।
ਧੁਖ ਪਈ ਅੱਗ ਜਦ ਈਰਖਾ ਦੀ,
ਸੀਨਾ ਚੰਦੂ ਹੰਕਾਰੀ ਦਾ ਬਲ ਉੱਠਿਆ।
ਭਰੀ ਹੋਈ ਫਿਰ ਸ਼ੂਕਦੀ ਨਦੀ ਅੰਦਰ,
ਜ਼ੋਰ ਮਾਰ ਕੇ ਵਾਂਗਰਾਂ ਛਲ ਉੱਠਿਆ।
ਘੜੀ ਮੌਤ ਦੀ ਦਿਲੋਂ ਵਿਸਾਰ ਦਿੱਤੀ,
ਉਸੇ ਘੜੀ ਅੰਦਰ ਪਲੋ ਪਲ ਉੱਠਿਆ।
ਭੁਬਕਾਂ ਮਾਰਦਾ ਮੁੱਛਾਂ ਨੂੰ ਵੱਟ ਦੇਂਦਾ,
ਬਦਲਾ ਲੈਣ ਲਈ ਗੁਰਾਂ ਦੇ ਵਲ ਉਠਿਆ।
ਹੋ ਕੇ ਮਸਤ ਹਕੂਮਤ ਦੇ ਨਸ਼ੇ ਅੰਦਰ,
ਨਾਲ ਗੁਰਾਂ ਦੇ ਟਾਕਰਾ ਲਾਣ ਲੱਗਾ।
ਨਿਕਲੀ ਹੋਈ ਜ਼ੁਬਾਨ 'ਚੋਂ ਗੱਲ ਆਪਣੀ,
ਫਿਰ ਉਹ ਪਰਤ ਕੇ ਇੰਝ ਮਨਵਾਣ ਲੱਗਾ।
ਲੋਹ ਲਾਲ ਕਰਵਾ ਕੇ ਇੱਕ ਪਾਸੇ,
ਦੂਜੀ ਤਰਫ਼ ਫਿਰ ਰੇਤ ਤਪਾ ਦਿੱਤੀ।
ਭਾਂਬੜ ਬਾਲ ਕੇ ਅੱਗ ਦਾ ਵਿੱਚ ਚੁੱਲ੍ਹੇ
ਉੱਪਰ ਪਾਣੀ ਦੀ ਦੇਗ ਚੜ੍ਹਾ ਦਿੱਤੀ।
ਤਪਦੀ ਹੋਈ ਫਿਰ ਅੱਗ ਦੀ ਲੋਹ ਉੱਤੇ,
ਫੜ ਕੇ ਰੱਬ ਦੀ ਜੋਤ ਬਿਠਾ ਦਿੱਤੀ।
ਕੜਛੇ ਤਪਦੀ ਰੇਤ ਦੇ ਭਰ ਭਰ ਕੇ,
ਉੱਪਰੋਂ ਅੱਗ ਦੀ ਵਰਖਾ ਵਰ੍ਹਾ ਦਿੱਤੀ।
ਛਾਲੇ ਪੈ ਗਏ ਏਧਰ ਸ਼ਰੀਰ ਉੱਤੇ,
ਉੱਧਰ ਹੋਇਆ ਨਾ ਅਤਿਆਚਾਰ ਤੋਂ ਬਸ।
ਵਿੱਚ ਉਬਲਦੀ ਦੇਗ ਬਿਠਾ ਕੇ ਵੀ,
ਕੀਤੀ ਚੰਦੂ ਨਾ ਅਜੇ ਹੰਕਾਰ ਤੋਂ ਬਸ।
ਖ਼ੂਨੀ ਫ਼ਿਲਮ ਦਾ ਇਸ ਤਰ੍ਹਾਂ ਸੀਨ ਤੱਕ ਕੇ,
ਮੀਆਂ ਮੀਰ ਵੀ ਨੀਰ ਵਹਾਣ ਲੱਗਾ।
ਆ ਕੇ ਕ੍ਰੋਧ ਵਿੱਚ ਅੱਖੀਆਂ ਲਾਲ ਕਰ ਕੇ,
ਕਲਾ ਸੁੱਤੀਆਂ ਹੋਈਆਂ ਜਗਾਣ ਲੱਗਾ।
ਕੰਮ ਲੈ ਕੇ ਸਿੱਧੀਆਂ ਸ਼ਕਤੀਆਂ ਤੋਂ,
ਦਿੱਲੀ ਨਾਲ ਲਾਹੌਰ ਟਕਰਾਣ ਲੱਗਾ।
ਉਹ ਕਹਿਰ ਦਾ ਇੱਕ "ਤੂਫਾਨ" ਬਣ ਕੇ,
ਨਾਲ ਇੱਟ ਦੇ ਇੱਟ ਖੜਕਾਣ ਲੱਗਾ।
ਇੱਦਾਂ ਵੇਖ ਕੇ ਸਤਿਗੁਰੂ ਹੱਸ ਬੋਲੇ,
ਭਾਣਾ ਸਤਿ ਕਰਤਾਰ ਦਾ ਮਨ ਸਾਈਂ।
ਤਪਸ਼ ਸਾਰੇ ਸੰਸਾਰ ਦੀ ਮੇਟਣੇ ਲਈ,
ਅਸਾਂ ਅੱਗ ਵਿੱਚ ਸਾੜਨਾ ਤਨ ਸਾਈਂ।
ਵੇਖ ਹਾਲ ਸਾਡਾ ਉਹਦੀ ਯਾਦ ਅੰਦਰ,
ਨੈਣ ਹੰਝੂਆਂ ਦੀ ਛਹਿਬਰ ਲਾਂਵਦੇ ਨੇ।
ਚਾਤ੍ਰਿਕ ਤੜਫ਼ਦਾ ਏ ਜਿਵੇਂ ਮੇਘ ਬਾਝੋਂ,
ਈਕਰ ਘੜੀ ਵੀ ਚੈਨ ਨਹੀਂ ਪਾਂਵਦੇ ਨੇ।